News

ਏਆਈ ਦੇ ਯੁੱਗ ਵਿੱਚ ਪੰਜਾਬੀ ਰੰਗ ਮੰਚ ਦੇ ਭਵਿੱਖ ਬਾਰੇ ਸੈਮੀਨਾਰ

Published

on

ਚੰਡੀਗੜ੍ਹ; 30 ਮਾਰਚ 2025
ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਪੰਜਾਬ ਨਵ ਸਿਰਜਣਾ ਮਹਾਂ ਉਤਸਵ ਦੀ ਲੜੀ ਵਿੱਚ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਅੱਜ ਇੱਥੇ ‘ਏ ਆਈ ਦੇ ਯੁੱਗ ਵਿੱਚ ਪੰਜਾਬੀ ਰੰਗ ਮੰਚ ਦਾ ਭਵਿੱਖ’ ਵਿਸ਼ੇ ਉੱਪਰ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸਾਰੇ ਬੁਲਾਰਿਆਂ ਨੇ ਇੱਕ ਸੁਰ ਹੁੰਦਿਆਂ ਕਿਹਾ ਕਿ ਰੰਗ ਮੰਚ ਇੱਕ ਜੀਵੰਤ ਵਰਤਾਰਾ ਹੈ ਜੋ ਮਸ਼ੀਨੀ ਬੁੱਧੀਮਾਨਤਾ ਦੇ ਯੁੱਗ ਵਿੱਚ ਵੀ ਬੁਲੰਦੀਆਂ ਛੂਹੇਗਾ ਅਤੇ ਆਪਣੇ ਵਿਕਾਸ ਲਈ ਇਸ ਨਵੀਂ ਟੈਕਨਾਲੋਜੀ ਦਾ ਕਾਰਗਰ ਇਸਤੇਮਾਲ ਕਰੇਗਾ।
ਉੱਘੇ ਚਿੰਤਕ ਅਮਰਜੀਤ ਗਰੇਵਾਲ ਨੇ ਆਪਣੇ ਮੁੱਖ ਸੁਰ ਭਾਸ਼ਣ ਵਿੱਚ ਕਿਹਾ ਕਿ ਰੰਗ ਮੰਚ ਸਮਾਜ ਦਾ ਨਿਰਮਾਣ ਕਰਦਾ ਹੈ ਕਿਉਂਕਿ ਇਹ ਕਲਾ ਦੀ ਉਹ ਵੰਨਗੀ ਹੈ ਜਿਸ ਵਿੱਚ ਬਹੁਤ ਸਾਰੀਆਂ ਕਲਾਵਾਂ ਦਾ ਸੁਮੇਲ ਹੁੰਦਾ ਹੈ। ਉਹਨਾਂ ਕਿਹਾ ਕਿ ਇਹ ਫਿਲਮ ਜਾਂ ਕਿਸੇ ਸਥੂਲ ਵਸਤੂ ਵਾਂਗ ਨਿਰੋਲ ਪ੍ਰੋਡਕਟ ਨਹੀਂ ਹੈ।
ਅਕਾਦਮੀ ਦੇ ਪ੍ਰਧਾਨ ਅਸ਼ਵਨੀ ਚੈਟਲੇ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਮਸ਼ੀਨੇ ਬੁੱਧੀਮਾਨਤਾ ਇਸ ਸਮੇਂ ਹਰ ਖੇਤਰ ਨੂੰ ਪ੍ਰਭਾਵਿਤ ਕਰ ਰਹੀ ਹੈ ਇਸ ਲਈ ਰੰਗ ਮੰਚ ਵੀ ਇਸ ਤੋਂ ਬਚ ਨਹੀਂ ਸਕਦਾ। ਉਹਨਾਂ ਕਿਹਾ ਕਿ ਬਹੁਤ ਸਾਰੇ ਖੇਤਰਾਂ ਵਿੱਚ ਏਆਈ ਦਾ ਸਦ ਉਪਯੋਗ ਵੀ ਹੋ ਰਿਹਾ ਹੈ ਜੋ ਰੰਗ ਮੰਚ ਵਿੱਚ ਵੀ ਹੋ ਸਕਦਾ ਹੈ।
ਸਾਹਿਤ ਅਕਾਦਮੀ ਨਵੀਂ ਦਿੱਲੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਕਿਹਾ ਕਿ ਮਸ਼ੀਨੀ ਬੁਧੀਮਾਨਤਾ ਨੂੰ ਹਊਆ ਬਣਾ ਕੇ ਪੇਸ਼ ਨਹੀਂ ਕਰਨਾ ਚਾਹੀਦਾ। ਸਾਹਿਤ ਅਤੇ ਅਨੁਵਾਦ ਦੇ ਖੇਤਰ ਵਿੱਚ ਇਸਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ ਉਹਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਹੁਣ ਤੱਕ ਆਈਆਂ ਤਕਨੀਕਾਂ ਅਤੇ ਟੈਕਨੋਲੋਜੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਮਾਨਵ ਲਈ ਸਹਾਈ ਸਾਬਤ ਹੋਈਆਂ ਹਨ ਅਤੇ ਮਨੁੱਖੀ ਜੀਵਨ ਆਸਾਨ ਹੋਇਆ ਹੈ।
ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਿੰਘ ਸਵੀ ਨੇ ਕਿਹਾ ਕਿ ਪੰਜਾਬ ਨਵ ਸਿਰਜਣਾ ਮਹਾ ਉਤਸਵ ਪ੍ਰੋਜੈਕਟ ਸੂਬੇ ਨੂੰ ਸਮਾਜਿਕ, ਆਰਥਿਕ, ਮਾਨਸਿਕ ਅਤੇ ਹੋਰਨਾਂ ਸਮੱਸਿਆਵਾਂ ਵਿੱਚੋਂ ਬਾਹਰ ਕੱਢਣ ਲਈ ਸ਼ੁਰੂ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੋ ਅਲਾਮਤਾਂ ਨਜ਼ਰ ਆ ਰਹੀਆਂ ਹਨ ਉਹਨਾਂ ਦੀ ਬਿਮਾਰੀ ਦੇ ਇਲਾਜ ਲਈ ਪੰਜਾਬ ਕਲਾ ਪ੍ਰੀਸ਼ਦ ਪੂਰੇ ਢਾਈ ਮਹੀਨੇ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਗਈ ਹੈ ਅਤੇ ਸੈਮੀਨਾਰਾਂ, ਗੋਸ਼ਟੀਆਂ, ਕਵੀ ਦਰਬਾਰਾਂ, ਕਲਾ ਪ੍ਰਦਰਸ਼ਨੀਆਂ, ਪੇਸ਼ਕਾਰ ਕਲਾਵਾਂ, ਸੰਗੀਤਕ ਪ੍ਰੋਗਰਾਮਾਂ ਅਤੇ ਰੰਗ ਮੰਚ ਤੇ ਲੋਕ ਨਾਚਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਨਾਲ ਹੀ ਨਹੀਂ ਜੋੜਿਆ ਸਗੋਂ ਉਹਨਾਂ ਦੀ ਸ਼ਮੂਲੀਅਤ ਵੀ ਕਰਵਾਈ ਹੈ। ਉਹਨਾਂ ਕਿਹਾ ਕਿ ਵਿਦਿਅਕ ਸੰਸਥਾਵਾਂ, ਸਾਹਿਤ ਸਭਾਵਾਂ, ਰੰਗ ਮੰਚ ਅਤੇ ਫਾਈਨ ਆਰਟਸ ਅਦਾਰਿਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਹਨਾਂ ਪ੍ਰੋਗਰਾਮਾਂ ਵਿੱਚ 5000 ਤੋਂ ਵੱਧ ਨੌਜਵਾਨ ਸਹਿਤਕਾਰ, ਕਲਾਕਾਰ, ਚਿੱਤਰਕਾਰ ਅਤੇ ਵਿਦਵਾਨ ਸਰਗਰਮੀ ਨਾਲ ਸਿੱਧੇ ਤੌਰ ਤੇ ਸ਼ਾਮਿਲ ਹੋਏ ਹਨ।
ਟੈਕਨੀਕਲ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸੰਗੀਤ ਨਾਟਕ ਅਕਾਦਮੀ ਦੇ ਸਾਬਕਾ ਪ੍ਰਧਾਨ ਅਤੇ ਉੱਘੇ ਰੰਗਕਰਮੀ ਕੇਵਲ ਧਾਲੀਵਾਲ ਨੇ ਕਿਹਾ ਕਿ ਸਮੇਂ ਸਮੇਂ ਰੰਗ ਮੰਚ ਨੂੰ ਚੁਣੌਤੀਆਂ ਦਰ ਪੇਸ਼ ਰਹੀਆਂ ਹਨ ਪਰ ਅਦਾਕਾਰ ਆਪਣੀ ਕਲਾ ਰਾਹੀਂ ਜਿਸ ਤਰ੍ਹਾਂ ਕਿਸੇ ਸਥਿਤੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾ ਜਾਂਦੇ ਹਨ ਉਹ ਤਕਨੀਕ ਦੀ ਸਹਾਇਤਾ ਨਾਲ ਨਹੀਂ ਕਰਵਾਇਆ ਜਾ ਸਕਦਾ।
ਸੰਗੀਤ ਨਾਟਕ ਅਕਾਦਮੀ ਦੇ ਸਕੱਤਰ ਡਾਕਟਰ ਨਿਰਮਲ ਜੋੜਾ ਨੇ ਕਿਹਾ ਕਿ ਰੰਗ ਮੰਚ ਅਜਿਹੀ ਵਿਧਾ ਹੈ ਜੋ ਇੱਕ ਪਾਠਕ ਜਾਂ ਇੱਕ ਦਰਸ਼ਕ ਤੱਕ ਮਹਿਦੂਦ ਨਹੀਂ ਸਗੋਂ ਦਰਸ਼ਕ ਸਮੂਹ ਨਾਲ ਸਾਂਝੇ ਤੌਰ ਤੇ ਨਾਤਾ ਜੋੜਦੀ ਹੈ।
ਸੈਮੀਨਾਰ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਟੀ ਲੁਧਿਆਣਾ ਤੋਂ ਡਾ. ਵਿਸ਼ਾਲ ਵੈਕਟਰ, ਉੱਘੇ ਰੰਗਕਰਮੀ ਡਾਕਟਰ ਸਾਹਿਬ ਸਿੰਘ, ਪੰਜਾਬ ਯੂਨੀਵਰਸਿਟੀ ਤੋਂ ਪ੍ਰੋਫੈਸਰ ਨਵਦੀਪ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰੋਫੈਸਰ ਜਸਪਾਲ ਕੌਰ ਅਤੇ ਇਪਟਾ ਪੰਜਾਬ ਦੇ ਪ੍ਰਧਾਨ ਸ੍ਰੀ ਸੰਜੀਵਨ ਨੇ ਆਪਣੇ ਪਰਚੇ ਪੜ੍ਹੇ।
ਕਲਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਡਾਕਟਰ ਯੋਗਰਾਜ ਅੰਗਰੀਸ਼ ਨੇ ਸਾਰੇ ਮਹਿਮਾਨਾਂ ਅਤੇ ਭਾਗੀਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੰਗ ਮੰਚ ਅਤੇ ਏ ਆਈ ਉੱਪਰ ਸਾਰਥਕ ਗੱਲਬਾਤ ਹੋਈ ਹੈ ਜੋ ਭਵਿੱਖ ਵਿੱਚ ਸਹਾਈ ਸਿੱਧ ਹੋਵੇਗੀ।
ਮੰਚ ਸੰਚਾਲਨ ਪ੍ਰੀਤਮ ਰੁਪਾਲ ਨੇ ਕੀਤਾ। ਸੈਮੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਮੀਤ ਪ੍ਰਧਾਨ ਰਾਜਵਿੰਦਰ ਸਮਰਾਲਾ, ਕਾਰਜਕਾਰੀ ਮੈਂਬਰ ਰਵਿੰਦਰ ਰੰਗੂਵਾਲ, ਨਾਟਕਕਾਰ ਅਤੇ ਸ਼ਾਇਰ ਸਵਦੀਸ਼, ਭੁਪਿੰਦਰ ਮਲਿਕ, ਜਗਦੀਸ਼ ਖੰਨਾ, ਅਨੀਤਾ ਸਵਦੀਸ਼ ਅਤੇ ਹੋਰ ਰੰਗਕਰਮੀਆਂ ਨੇ ਸ਼ਿਰਕਤ ਕੀਤੀ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon