
ਵੱਖ ਵੱਖ ਮਾਮਲਿਆਂ ਤੋਂ ਪੀੜਿਤ ਪਰਿਵਾਰਾਂ ਨੇ ਪ੍ਰੈਸ ਸਾਹਮਣੇ ਰੋਏ ਆਪਣੇ ਦੁੱਖੜੇ ਤੇ ਸਰਕਾਰ ਤੋਂ ਪੁੱਛਿਆ, ਕਦੋਂ ਮਿਲੂ ਸਾਨੂੰ ਆਜ਼ਾਦੀ?
ਇਹ ਆਜ਼ਾਦੀ ਦਿਵਸ ਸਿਰਫ ਕਾਰਪੋਰੇਟ ਤੇ ਸਿਆਸੀ ਘਰਾਣਿਆਂ ਦੀ ਜਾਗੀਰ, ਗਰੀਬ ਹਰ ਰੋਜ਼ ਜਾ ਰਹੇ ਹਨ ਲਤਾੜੇ: ਬਲਵਿੰਦਰ ਕੁੰਭੜਾ
ਮੋਹਾਲੀ, 15 ਅਗਸਤ:KULWANT GILL ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀਸੀ ਮੋਰਚੇ ਤੇ ਅੱਜ ਆਜ਼ਾਦੀ ਦਿਵਸ ਮੌਕੇ ਕਾਲੀ ਆਜ਼ਾਦੀ ਮਨਾਈ ਗਈ। ਵੱਖ-ਵੱਖ ਮਾਮਲਿਆਂ ਤੋਂ ਪੀੜਿਤ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ ਤੇ ਆਪਣੇ ਦੁੱਖੜੇ ਪ੍ਰੈਸ ਸਾਹਮਣੇ ਰੋਏ। ਉਹਨਾਂ ਸਰਕਾਰਾਂ ਤੋਂ ਪੁੱਛਿਆ ਕਿ ਸਾਡੇ ਤੇ ਆਏ ਦਿਨ ਸਰਮਾਏਦਾਰ ਲੋਕ ਅੱਤਿਆਚਾਰ ਕਰ ਰਹੇ ਹਨ ਤੇ ਹਰ ਦਫਤਰ, ਹਰ ਚੁਰਾਹੇ ਤੇ ਭਰਿਸ਼ਟਾਚਾਰ ਦਾ ਬੋਲਬਾਲਾ ਹੈ। ਬੱਚੀਆਂ ਨਾਲ ਆਏ ਦਿਨ ਬਲਾਤਕਾਰ ਹੋ ਰਹੇ ਹਨ, ਕਮਜ਼ੋਰ ਵਰਗ ਦੇ ਹੱਕਾਂ ਤੇ ਡਾਕੇ ਮਾਰੇ ਜਾ ਰਹੇ ਹਨ, ਨੌਜਵਾਨੀ ਨਸ਼ਿਆਂ ਵਿੱਚ ਗ੍ਰਸਤ ਹੈ, ਬੇਰੁਜ਼ਗਾਰੀ ਆਪਣੀ ਚਰਮ ਸੀਮਾ ਛੂਅ ਰਹੀ ਹੈ, ਐਨ.ਆਰ.ਆਈ. ਆਪਣੀਆਂ ਪ੍ਰਾਪਟੀਆਂ ਦੇ ਰੋਣੇ ਰੋ ਰਹੇ ਹਨ, ਭੂ ਮਾਫੀਆ ਉਹਨਾਂ ਦੀਆਂ ਕੋਠੀਆਂ ਤੇ ਸਿਆਸੀ ਸ਼ਹਿ ਤੇ ਕਬਜੇ ਕਰ ਰਹੇ ਹਨ, ਪੁਲਿਸ ਵਾਲੇ ਸ਼ਰੇਆਮ ਗਹਿਣੇ ਤੇ ਰਕਮ ਖੋਹ ਰਹੇ ਹਨ ਤੇ ਤਰੱਕੀਆਂ ਪਾ ਰਹੇ ਹਨ, ਕੋਈ 13 ਸਾਲਾਂ ਤੋਂ ਆਪਣੇ ਗੁਆਚੇ ਪਤੀ ਨੂੰ ਲੱਭਦੀ ਫਿਰਦੀ ਹੈ, ਕਿਸੇ ਦਾ ਇਕਲੌਤਾ ਪੁੱਤ ਪ੍ਰਵਾਸੀਆਂ ਨੇ ਸ਼ਰੇਆਮ ਕਤਲ ਕਰ ਦਿੱਤਾ, ਕੋਈ ਮਾਂ ਦੁੱਖ ਰੋ ਰਹੀ ਹੈ ਕਿ ਉਸ ਦੀ 12 ਸਾਲਾਂ ਦੀ ਨਾਬਾਲਗ ਬੱਚੀ ਨਾਲ ਉਸ ਦੇ ਭੂਆ ਦੇ ਬੇਟੇ ਵੱਲੋਂ ਕਈ ਵਾਰ ਦੁਸ਼ਕਰਮ ਕੀਤਾ, ਪਰ ਪਰਚਾ ਦਰਜ ਹੋਣ ਦੇ ਬਾਵਜੂਦ ਵੀ ਦੋਸ਼ੀ ਆਜ਼ਾਦ ਘੁੰਮ ਰਹੇ ਹਨ, ਆਜ਼ਾਦੀ ਤਾਂ ਲੁਟੇਰਿਆਂ ਕਾਤਲਾਂ ਰਿਸ਼ਵਤਖੋਰਾਂ, ਬਲਾਤਕਾਰੀਆਂ, ਘਪਲੇਬਾਜਾਂ ਤੇ ਨਸ਼ਾ ਤਸਕਰਾਂ ਦੀ ਹੈ। ਆਮ ਲੋਕ ਤਾਂ ਡਰ ਡਰ ਕੇ ਜ਼ਿੰਦਗੀ ਬਸਰ ਕਰ ਰਹੇ ਹਨ। ਅੱਜ ਔਰਤਾਂ ਕਿਤੇ ਵੀ ਸੁਰੱਖਿਤ ਨਹੀਂ ਹਨ। ਜਦੋਂ ਜਾਂਚ ਹੁੰਦੀ ਹੈ ਤਾਂ ਬਲਾਤਕਾਰੀ ਜਾਂ ਬਲਾਤਕਾਰੀ ਜਾਂ ਸਮਰਥਕ ਕਿਸੇ ਪਾਰਟੀ ਦਾ ਸੀਨੀਅਰ ਆਗੂ ਨਿਕਲਦਾ ਹੈ। ਅਜਿਹੇ ਪਾਪਾਂ ਦੇ ਮਾਹੌਲ ਵਿੱਚ ਦੱਸੋ ਆਜ਼ਾਦੀ ਕਿਸ ਤਰ੍ਹਾਂ ਮਨਾਈਏ, ਇਹ ਉਪਰੋਕਤ ਕਥਨ ਪੀੜਤ ਲੋਕਾਂ ਨੇ ਪ੍ਰੈਸ ਸਾਹਮਣੇ ਜਾਹਿਰ ਕੀਤੇ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹ ਆਜ਼ਾਦੀ ਸਿਰਫ ਕਾਰਪੋਰੇਟ ਤੇ ਸਿਆਸੀ ਘਰਾਣਿਆਂ ਜਾਂ ਵੱਡੇ ਅਫਸਰਾਂ ਦੀ ਜਾਗੀਰ ਹੈ। ਗਰੀਬ ਲੋਕ ਤਾਂ ਅੱਜ ਵੀ ਲਤਾੜੇ ਜਾ ਰਹੇ ਹਨ ਤੇ ਉਹਨਾਂ ਦੇ ਹੱਕਾਂ ਤੇ ਧਨਾਢ ਲੋਕ ਡਾਕੇ ਮਾਰ ਰਹੇ ਹਨ। ਵੱਡੀਆਂ ਵੱਡੀਆਂ ਡੀਂਗਾਂ ਮਾਰਨ ਵਾਲੀ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋਈ ਹੈ। ਦੇਸ਼ ਵਿੱਚ ਇਨਸਾਨੀਅਤ ਖਤਮ ਹੋ ਚੁੱਕੀ ਹੈ ਤੇ ਚਾਰੋਂ ਪਾਸੇ ਫਿਰਕਾਪ੍ਰਸਤੀ, ਭਰਿਸ਼ਟਾਚਾਰੀ, ਅੱਤਿਆਚਾਰ, ਜਬਰ ਜਨਾਹ, ਭੂ ਮਾਫੀਆ ਦਾ ਜੋਰ ਦਿਨ ਬ ਦਿਨ ਵੱਧ ਰਿਹਾ ਹੈ। ਅਸੀਂ ਕਿਉਂ ਕਹੀਏ ਕਿ ਅਸੀਂ ਆਜ਼ਾਦ ਹਾਂ ਤੇ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ।
ਇਸ ਮੌਕੇ ਅਵਤਾਰ ਸਿੰਘ ਨਗਲਾ, ਐਨ.ਆਰ.ਆਈ ਬੀਬੀ ਜੋਗਿੰਦਰ ਕੌਰ ਸੰਧੂ, ਸੁਨੀਤਾ ਸ਼ਰਮਾ, ਪਰਮਜੀਤ ਕੌਰ, ਸੋਨੀਆ ਰਾਣੀ, ਸ਼ਿਕਸ਼ਾ ਸ਼ਰਮਾ, ਹਰਨੇਕ ਸਿੰਘ ਮਲੋਆ, ਨਰਿੰਦਰ ਸਿੰਘ ਲਾਂਬਾ ਆਦਿ ਨੇ ਵੀ ਸੰਬੋਧਨ ਕੀਤਾ ਤੇ ਕਾਲੀ ਆਜ਼ਾਦੀ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਕਰਮ ਸਿੰਘ ਕੁਰੜੀ, ਦਰਸ਼ਨ ਸਿੰਘ ਰਾਠੀ, ਪੂਨਮਰਾਣੀ, ਰਣਜੀਤ ਸਿੰਘ, ਹਰਪਾਲ ਸਿੰਘ ਢਿੱਲੋਂ, ਹਰਵਿੰਦਰ ਸਿੰਘ, ਬੱਬਲ ਚੋਪੜਾ, ਜਨਕ ਕੁਮਾਰੀ, ਜਤਿੰਦਰ ਸਿੰਘ, ਹਰਨੇਕ ਸਿੰਘ ਮਾਨਪੁਰ, ਤਰਸੇਮ ਖਾਨ, ਰਜਿੰਦਰ ਕੌਰ, ਜਸਵਿੰਦਰ ਕੌਰ, ਰਣਜੀਤ ਸਿੰਘ, ਦਲਵੀਰ ਸਿੰਘ, ਕਰਮਜੀਤ ਸਿੰਘ ਆਦਿ ਹਾਜ਼ਰ ਹੋਏ।