
ਫਾਜ਼ਿਲਕਾ (KULWANT GILL ): ਯੁਵਾ ਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ ਭਾਰਤੀ ਖੇਡ ਅਥਾਰਟੀ ਵੱਲੋਂ ਬਿਹਾਰ ਦੇ ਗਯਾ ਸ਼ਹਿਰ ਵਿਖੇ 5 ਤੋਂ 7 ਮਈ 2025 ਤੱਕ ਖੇਲੋ ਇੰਡੀਆ ਯੂਥ ਗੇਮਜ਼ ਤਹਿਤ ਗੱਤਕਾ ਮੁਕਾਬਲੇ ਆਯੋਜਿਤ ਕੀਤੇ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਦੇਸ਼ ਦੇ 19 ਰਾਜਾਂ ਤੋਂ 160 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ।
ਇਸ ਤਹਿਤ ਪੰਜਾਬ ਦੀ ਮੁੰਡਿਆਂ ਅਤੇ ਕੁੜੀਆਂ ਦੀ ਗੱਤਕਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਓਵਰਆਲ ਪਹਿਲਾ ਸਥਾਨ ਹਾਸਲ ਕੀਤਾ। ਪੰਜਾਬ ਟੀਮ ਦੇ ਕੋਚ ਸ. ਹਰਕਿਰਨ ਜੀਤ ਸਿੰਘ ਰਾਮਗੜ੍ਹੀਆ ਨੇ ਦੱਸਿਆ ਕਿ ਲੜਕਿਆਂ ਦੀ ਟੀਮ ਵਿੱਚ ਤਮੰਨਾ ਨੇ ਵਿਅਕਤੀਗਤ ਸਿੰਗਲ ਸੋਟੀ ਮੁਕਾਬਲੇ ਵਿੱਚ ਸੋਨੇ ਦਾ ਤਗਮਾ, ਅਵਨੀਤ ਕੌਰ ਨੇ ਕਾਂਸੀ ਅਤੇ ਸੋਨੂੰ ਕੌਰ ਨੇ ਵਿਅਕਤੀਗਤ ਫਰੀ ਸੋਟੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ।
ਮੁੰਡਿਆਂ ਦੀ ਟੀਮ ਵੱਲੋਂ ਗੁਰਸੇਵਕ ਸਿੰਘ ਨੇ ਵਿਅਕਤੀਗਤ ਸਿੰਗਲ ਸੋਟੀ ਮੁਕਾਬਲੇ ਵਿੱਚ ਸੋਨੇ ਦਾ ਤਗਮਾ, ਜਸ਼ਨਦੀਪ ਸਿੰਘ ਨੇ ਚਾਂਦੀ, ਜਗਦੀਪ ਸਿੰਘ ਨੇ ਵਿਅਕਤੀਗਤ ਫਰੀ ਸੋਟੀ ਮੁਕਾਬਲੇ ਵਿੱਚ ਚਾਂਦੀ, ਅਤੇ ਟੀਮ ਫਰੀ ਸੋਟੀ ਮੁਕਾਬਲੇ ਵਿੱਚ ਗੁਰਸੇਵਕ ਸਿੰਘ, ਜਸ਼ਨਦੀਪ ਸਿੰਘ ਅਤੇ ਰੋਬਿਨਪ੍ਰੀਤ ਸਿੰਘ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।
ਸ. ਰਾਮਗੜ੍ਹੀਆ ਨੇ ਦੱਸਿਆ ਕਿ ਇਸ ਪ੍ਰਾਪਤੀ ‘ਚ ਟੀਮ ਮੈਨੇਜਰ ਸ. ਜਸਵਿੰਦਰ ਸਿੰਘ ਪਾਬਲਾ, ਲੜਕੀਆਂ ਦੀ ਕੋਚ ਇੰਦਰਪ੍ਰੀਤ ਕੌਰ ਲੁਧਿਆਣਾ ਅਤੇ ਸਮੂਹ ਸਟਾਫ਼ ਦਾ ਵੀ ਮਹੱਤਵਪੂਰਨ ਯੋਗਦਾਨ ਰਿਹਾ।
ਇਸ ਮੌਕੇ ਉਨ੍ਹਾਂ ਨੇ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਜਨਰਲ ਸਕੱਤਰ ਸ. ਬਲਜਿੰਦਰ ਸਿੰਘ ਤੂਰ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ. ਰਜਿੰਦਰ ਸਿੰਘ ਸੋਹਲ (ਪੀ.ਪੀ.ਐੱਸ) ਅਤੇ ਮੀਤ ਪ੍ਰਧਾਨ ਸ. ਦਵਿੰਦਰ ਸਿੰਘ ਜੁਗਨੀ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਦੀ ਪ੍ਰੇਰਣਾ ਅਤੇ ਸਹਿਯੋਗ ਨਾਲ ਪੰਜਾਬ ਦੀ ਟੀਮ ਨੇ ਇਹ ਉਪਲਬਧੀ ਹਾਸਲ ਕੀਤੀ।