
ਨੌਜਵਾਨਾਂ ਨੂੰ ਕ੍ਰਿਕਟ ਰਾਹੀਂ ਨਵਾਂ ਜੀਵਨ ਮਿਲੇਗਾ
ਪੇਂਡੂ ਪੰਜਾਬ ਲਈ ‘ਸਰਪੰਚ ਟਰਾਫੀ’ ਦਾ ਐਲਾਨ
ਚੰਡੀਗੜ੍ਹ, 27 ਜੂਨ, 2025-Kulwant Gill
ਗਲੀ ਮੁਹੱਲਾ ਕ੍ਰਿਕਟ ਲੀਗ (ਜੀਐਮਸੀਐਲ) ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਵਿੱਚ ਨਸ਼ਿਆਂ ਦੇ ਖ਼ਿਲਾਫ਼ ਇੱਕ ਵੱਡੀ ਮੁਹਿੰਮ ਸ਼ੁਰੂ ਕੀਤੀ। ਦਿੱਲੀ ਅਤੇ ਮੁੰਬਈ ਵਿੱਚ ਸਫਲ ਸਮਾਗਮਾਂ ਤੋਂ ਬਾਅਦ, ਜਿੱਥੇ ਜੀਐਮਸੀਐਲ ਨੇ ਮਹਾਰਾਸ਼ਟਰ ਪੁਲਿਸ ਨਾਲ ‘ਨਸ਼ਾ ਮੁਕਤੀ ਅਭਿਆਨ’ ਵਿੱਚ ਹਿੱਸਾ ਲਿਆ, ਹੁਣ ਪੰਜਾਬ ਵਿੱਚ ਵੀ ਕ੍ਰਿਕਟ ਰਾਹੀਂ ਸਮਾਜਿਕ ਤਬਦੀਲੀ ਲਿਆਉਣ ਦੀ ਯੋਜਨਾ ਅੱਗੇ ਰੱਖੀ ਗਈ ਹੈ।
ਇਸ ਮੌਕੇ ਜੀਐਮਸੀਐਲ ਨੇ ‘ਜੀਐਮਸੀਐਲ ਸਰਪੰਚ ਟਰਾਫੀ’ ਦਾ ਐਲਾਨ ਕੀਤਾ, ਜਿਸਦਾ ਆਯੋਜਨ ਪੇਂਡੂ ਪੰਜਾਬ ਨੂੰ ਇੱਕਜੁੱਟ ਕਰਨ ਤੇ ਪਿੰਡਾਂ ਦੀ ਲੀਡਰਸ਼ਿਪ ਨੂੰ ਸਨਮਾਨਿਤ ਕਰਨ ਦੇ ਮੰਤਵ ਨਾਲ ਕੀਤਾ ਜਾਵੇਗਾ। ਇਸ ਮੌਕੇ ਪ੍ਰੈੱਸ ਕਾਨਫਰੰਸ ਵਿੱਚ ਬਾਬਾ ਇੰਦਰ ਪ੍ਰੀਤ ਸਿੰਘ, ਅਧਿਆਤਮਿਕ ਮੁਖੀ, ਸਤਕਰਮਿਕ ਮਿਸ਼ਨ, ਅਮਨ ਬੰਦਵੀ, ਡਾਇਰੈਕਟਰ, ਗਲੋਬਲ ਮਿਡਾਸ ਕੈਪੀਟਲ ਅਤੇ ਸਾਡਾ ਖਿੜਦਾ ਪੰਜਾਬ, ਹਰਮੀਤ ਸਿੰਘ, ਡਾਇਰੈਕਟਰ, ਖਿਡਾਰੀ ਵਿਕਾਸ ਤੇ ਮਨੋਵਿਗਿਆਨ ਵਿਭਾਗ ਅਤੇ ਰਮਨ ਗਾਂਧੀ, ਸੀਈਓ, ਜੀਐਮਸੀਐਲ ਸ਼ਾਮਲ ਹੋਏ।
ਇਸ ਮੌਕੇ ਬਾਬਾ ਇੰਦਰ ਪ੍ਰੀਤ ਸਿੰਘ ਨੇ ਕਿਹਾ ਕਿ ਨਸ਼ਾ ਪੰਜਾਬ ਦੇ ਨੌਜਵਾਨਾਂ ਤੇ ਪਰਿਵਾਰਾਂ ਨੂੰ ਤੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ਏਕਤਾ ਲਿਆਉਂਦਾ ਹੈ, ਇਸ ਲਈ ਅਸੀਂ ਜੀਐਮਸੀਐਲ ਰਾਹੀਂ ਨੌਜਵਾਨਾਂ ਨੂੰ ਉਮੀਦ ਤੇ ਉਦੇਸ਼ ਦੇਵਾਂਗੇ।
ਇਸ ਮੌਕੇ ਬੋਲਦਿਆਂ ਅਮਨ ਬੰਦਵੀ ਨੇ ਕਿਹਾ ਕਿ ਜੀਐਮਸੀਐਲ ਸਿਰਫ਼ ਕ੍ਰਿਕਟ ਨਹੀਂ ਹੈ, ਇਹ ਰੁਜ਼ਗਾਰ, ਮਹਿਲਾ ਸਸ਼ਕਤੀਕਰਨ ਤੇ ਪੰਜਾਬ ਦੇ ਪੁਨਰ ਨਿਰਮਾਣ ਲਈ ਇੱਕ ਮੁਹਿੰਮ ਹੈ।
ਹਰਮੀਤ ਸਿੰਘ ਨੇ ਕਿਹਾ ਕਿ ਸਾਡੀ ਪ੍ਰਾਈਡ ਅਕੈਡਮੀ ਖਿਡਾਰੀਆਂ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦੀ ਹੈ, ਤਾਂ ਜੋ ਉਹ ਜ਼ਿੰਦਗੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਨਾਲ-ਨਾਲ ਮੈਦਾਨ ‘ਤੇ ਵੀ ਕਰ ਸਕਣ।
ਇਸ ਮੌਕੇ ਜੀਐਮਸੀਐਲ ਦੇ ਸੀਈਓ ਰਮਨ ਗਾਂਧੀ ਨੇ ਵੱਡੇ ਪੱਧਰ ‘ਤੇ ਯੋਜਨਾ ਬਾਰੇ ਦੱਸਦਿਆਂ ਕਿਹਾ ਕਿ ਅਗਸਤ 2025 ਤੋਂ ਪੰਜਾਬ ਭਰ ਵਿੱਚ 500 ਟੀਮਾਂ, 5500 ਖਿਡਾਰੀ ਤੇ 5000 ਮੈਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਤੇ ਸਕੂਲਾਂ ਦੇ ਸਹਿਯੋਗ ਨਾਲ ਇਹ ਮੁਹਿੰਮ ਹਰ ਗਲੀ ਤੇ ਪਿੰਡ ਤੱਕ ਪਹੁੰਚੇਗੀ।
ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਪੰਜਾਬ ਨੂੰ ਤਿੰਨ ਖੇਤਰਾਂ ਮਾਝਾ, ਮਾਲਵਾ ਤੇ ਦੋਆਬਾ ਵਿੱਚ ਵੰਡ ਕੇ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਾਝਾ ਖੇਤਰ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਤਰਨਤਾਰਨ ਤੇ ਪਠਾਨਕੋਟ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ। ਸਿੱਖ ਵਿਰਾਸਤ ਵਾਲੇ ਇਸ ਖੇਤਰ ਵਿੱਚ ਨਸ਼ਿਆਂ ਵਿਰੁੱਧ ਏਕਤਾ ਲਿਆਂਦੀ ਜਾਵੇਗੀ। ਇਸੇ ਤਰ੍ਹਾਂ 14 ਜ਼ਿਲ੍ਹਿਆਂ ਤੇ 69 ਵਿਧਾਨ ਸਭਾ ਹਲਕਿਆਂ ਵਾਲਾ ਸਭ ਤੋਂ ਵੱਡੇ ਖੇਤਰ ਮਾਲਵਾ ਵਿੱਚ ਲੁਧਿਆਣਾ, ਪਟਿਆਲਾ, ਮੋਗਾ ਤੇ ਬਠਿੰਡਾ ਵਰਗੇ ਸ਼ਹਿਰ ਸ਼ਾਮਲ ਹਨ। ਇੱਥੇ ਨੌਜਵਾਨਾਂ ਨੂੰ ਕ੍ਰਿਕਟ ਨਾਲ ਜੋੜ ਕੇ ਜਾਗਰੂਕਤਾ ਫੈਲਾਈ ਜਾਵੇਗੀ। ਇਸੇ ਤਰ੍ਹਾਂ ਦੋਆਬਾ ਖੇਤਰ ਵਿੱਚ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਸ਼ਹੀਦ ਭਗਤ ਸਿੰਘ ਨਗਰ ਵਰਗੇ ਜ਼ਿਲ੍ਹਿਆਂ ਵਿੱਚ ਕਮਿਊਨਿਟੀ ਅਧਾਰਤ ਨੈੱਟਵਰਕ ਦੀ ਵਰਤੋਂ ਕਰਕੇ ਜੀਐਮਸੀਐਲ ਦਾ ਸੰਦੇਸ਼ ਫੈਲਾਇਆ ਜਾਵੇਗਾ।
ਜੀਐਮਸੀਐਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਸ ਵਿੱਚ ਸ਼ਾਮਲ 30% ਖਿਡਾਰੀ ਔਰਤਾਂ ਹੋਣਗੀਆਂ। ਇਹ ਮਹਿਲਾ ਸਸ਼ਕਤੀਕਰਨ ਵੱਲ ਇੱਕ ਵੱਡਾ ਕਦਮ ਹੈ। ਸਰਪੰਚ ਟਰਾਫੀ ਪੇਂਡੂ ਖੇਤਰਾਂ ਵਿੱਚ ਨਵੀਂ ਊਰਜਾ ਲਿਆਏਗੀ।
ਪੰਜਾਬ ਵਿੱਚ ਨਸ਼ਿਆਂ ਦੇ ਵਧ ਰਹੇ ਖ਼ਤਰੇ ਤੇ ਸਿੰਥੈਟਿਕ ਨਸ਼ਿਆਂ ਦੀ ਸਮੱਸਿਆ ਦੇ ਵਿਚਕਾਰ, ਜੀਐਮਸੀਐਲ ਦੀ ਇਹ ਪਹਿਲਕਦਮੀ ਇੱਕ ਨਵੀਂ ਉਮੀਦ ਵਜੋਂ ਉੱਭਰੀ ਹੈ। ਕ੍ਰਿਕਟ ਤੇ ਪਿੰਡ-ਸ਼ਹਿਰ ਭਾਈਵਾਲੀ ਦੀ ਪ੍ਰਸਿੱਧੀ ਦੇ ਨਾਲ, ਇਹ ਮੁਹਿੰਮ ਸਮਾਜਿਕ ਤਬਦੀਲੀ ਵੱਲ ਇੱਕ ਮਜ਼ਬੂਤ ਕਦਮ ਹੈ। ਅੰਤ ਵਿੱਚ, ਜੀਐਮਸੀਐਲ ਨੇ ਆਪਣੇ ਵਾਅਦੇ ਨੂੰ ਦੁਹਰਾਇਆ ਤੇ ਕਿਹਾ ਕਿ ਸਾਡਾ ਟੀਚਾ ਖੇਡਾਂ, ਸੇਵਾ ਤੇ ਏਕਤਾ ਰਾਹੀਂ ਪੰਜਾਬ ਨੂੰ ਨਸ਼ਾ ਮੁਕਤ ਤੇ ਸਸ਼ਕਤ ਬਣਾਉਣਾ ਹੈ।