News

ਦਿਸ਼ਾ ਟਰੱਸਟ ਨੇ ਲਗਾਈਆਂ ‘ਮੋਹਾਲੀ ਵਾਕ’ ਵਿੱਚ ਤੀਆਂ ਦੀਆਂ ਰੌਣਕਾਂ

Published

on

ਨਰਿੰਦਰ ਕੌਰ ਬਣੀ ਮਿਸਿਜ਼ ਤੀਜ,  ਮਨਦੀਪ ਕੌਰ ਨੇ ਮਿਸਿਜ਼ ਪੰਜਾਬਣ ਤੇ ਕੁਲਵਿੰਦਰ ਕੌਰ ਨੇ ਜਿੱਤਿਆ ਸੁਨੱਖੀ ਪੰਜਾਬਣ ਮੁਕਾਬਲਾ

ਜਿਹੜੇ ਵਿਹੜੇ ਵਿੱਚ ਧੀਆਂ ਹੱਸਦੀਆਂ, ਗਾਉਂਦੀਆਂ ਨੇ ਉਹ ਵਿਹੜਾ ਹੁੰਦਾ ਹੈ ਭਾਗਾਂ ਵਾਲਾ – ਗੁਰਪ੍ਰੀਤ ਕੌਰ ਸੰਧਵਾਂ

 

28 ਜੁਲਾਈ ( ) ਮੋਹਾਲੀ : ਜਿਹੜੇ ਵਿਹੜੇ ਵਿੱਚ ਧੀਆਂ ਹੱਸਦੀਆਂ , ਗਾਉਂਦੀਆਂ ਹਨ , ਜਿਹੜੇ ਘਰ ਵਿੱਚ ਖੁੱਲ ਕੇ ਆਪਣੇ ਦਿਲ ਦੀ ਗੱਲ ਮਾਪਿਆ ਅੱਗੇ ਰੱਖਦੀਆਂ ਹਨ, ਉਹ ਘਰ ਉਹ ਵਿਹੜਾ ਭਾਗਾਂ ਵਾਲਾ ਹੁੰਦਾ ਹੈ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਿਸ਼ਾ ਵੂਮੈਨ ਵੈੱਲਫੇਅਰ ਟਰੱਸਟ ਰਜਿ. ਪੰਜਾਬ ਵੱਲੋਂ ਟਰੱਸਟ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਅਤੇ ਮੋਹਾਲੀ ਵਾਕ ਦੇ ਡਾਇਰੈਕਟਰ ਵਿਕਰਮਪੁਰੀ ਦੇ ਸਹਿਯੋਗ ਨਾਲ ਕਰਵਾਏ ਗਏ “ਤੀਆ ਤੀਜ ਦੀਆਂ” ਪ੍ਰੋਗਰਾਮ ਦੌਰਾਨ ਉਚੇਚੇ ਤੌਰ ਤੇ ਬਤੌਰ ਮੁੱਖ ਮਹਿਮਾਨ ਪਹੁੰਚੇ ਗੁਰਪ੍ਰੀਤ ਕੌਰ ਸੰਧਵਾਂ ਧਰਮ ਸੁਪਤਨੀ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵੱਲੋਂ ਕੀਤਾ ਗਿਆ । ਦਿਸ਼ਾ ਟਰੱਸਟ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਮਹਿਲਾ ਸਸ਼ਕਤੀਕਰਨ ਦੇ ਖੇਤਰ ਵਿੱਚ ਟਰੱਸਟ ਦੀਆਂ ਪ੍ਰਾਪਤੀਆਂ ਇਤਿਹਾਸਿਕ ਹਨ ਅਤੇ ਟਰੱਸਟ ਦੇ ਉਪਰਾਲਿਆਂ ਸਦਕਾ ਸੈਂਕੜੇ ਨੌਜਵਾਨ ਕੁੜੀਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ।  ਪ੍ਰੋਗਰਾਮ ਵਿੱਚ ਰਾਜ ਲਾਲੀ ਗਿੱਲ ਚੇਅਰਪਰਸਨ ਪੰਜਾਬ ਸਟੇਟ ਵੂਮੈਨ ਕਮਿਸ਼ਨ , ਜਸਵੰਤ ਕੌਰ ਉੱਘੇ ਸਮਾਜ ਸੇਵੀ, ਜਗਜੀਤ ਕੌਰ ਕਾਹਲੋਂ ਉੱਘੇ ਸਮਾਜ ਸੇਵੀ ਅਤੇ ਵਿਦਿਆਰਥੀਆਂ ਲਈ ਚਾਨਣ ਮੁਨਾਰੇ ਬਣੇ ਜਸਕਿਰਨ ਕੌਰ ਸ਼ੇਰ ਗਿੱਲ ਬਤੌਰ ਗੈਸਟ ਆਫ ਆਨਰ ਹਾਜ਼ਰ ਹੋਏ ।  ਮੋਹਾਲੀ ਵਾਕ ਦੇ ਵਿਹੜੇ ਵਿੱਚ ਤੀਆਂ ਦੀਆਂ ਰੌਣਕਾਂ ਨੇ   ਖ੍ਰੀਦਦਾਰੀ ਕਰਨ ਆਏ ਗ੍ਰਾਹਕਾਂ ਦਾ ਧਿਆਨ ਵੀ ਆਪਣੇ ਵੱਲ ਆਕਰਸ਼ਿਤ ਕੀਤਾ । ਪੂਰਾ ਮਾਲ ਇਕ ਪੁਰਾਤਨ ਪਿੰਡ ਦੇ ਵਾਂਗ ਸੱਜਿਆ ਹੋਇਆ ਸੀ । ਅਮੀਰ ਪੰਜਾਬੀ ਵਿਰਸੇ ਦੀਆਂ ਝਲਕਾਂ  ਖੂਹ  ,  ਖੂੰਡੇ , ਡਾਂਗਾਂ , ਪੱਖੀਆਂ , ਮੰਜੇ ਫੁਲਕਾਰੀਆਂ , ਚਰਖੇ , ਚਾਟੀ ਤੇ ਮਧਾਣੀਆਂ ਆਦਿ ਨੇ ਮਾਲ ਵਿੱਚ ਹਾਜ਼ਰ ਹਰ ਵਿਅਕਤੀ ਦਾ ਧਿਆਨ ਆਪਣੇ ਵੱਲ ਖਿਚਿਆ । ਇਸ ਮੌਕੇ ਪੰਜਾਬੀ ਲੋਕ ਗਾਇਕਾ ਆਰ.ਦੀਪ.ਰਮਨ ਨੇ ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਗੀਤਾਂ ਦੀ ਝੜੀ ਲਾ ਕੇ ਮੇਲਾ ਲੁੱਟਿਆ।ਏ ਮਹਿਮਾਨਾਂ ਦਾ ਸਵਾਗਤ ਕਰਨ ਉਪਰੰਤ ਟਰੱਸਟ ਵੱਲੋਂ ਗਿੱਧਾ,  ਭੰਗੜਾ , ਬੋਲੀਆਂ ,ਟੱਪੇ , ਸੁਹਾਗ ਅਤੇ ਸਿੱਠਣੀਆਂ ਦੇ ਮੁਕਾਬਲੇ ਕਰਵਾਏ ਗਏ । ਇਸ ਦੇ ਨਾਲ ਹੀ ਪ੍ਰੋਗਰਾਮ ਵਿਚ ਹਾਜ਼ਰ ਹੋਰਨਾਂ ਮਹਿਲਾਵਾਂ ਨੂੰ ਹਰਾਉਂਦੇ ਹੋਏ ਕੁਲਵਿੰਦਰ ਕੌਰ ਨੇ ਸੁਨੱਖੀ ਪੰਜਾਬਣ, ਮਨਦੀਪ ਕੌਰ ਨੇ ਮਿਸਿਜ਼ ਪੰਜਾਬਣ ਤੇ ਨਰਿੰਦਰ ਕੌਰ ਨੇ ਮਿਸਿਜ਼ ਤੀਜ ਦਾ ਖਿਤਾਬ ਜਿੱਤਿਆ । ਜਿਨ੍ਹਾਂ ਨੂੰ ਮੈਡਮ ਅਰੁਣਾ ਗੋਇਲ ਡਾਇਰੈਕਟਰ ਵਰਦਾਨ ਆਯੁਰਵੇਦਾ ਵੱਲੋਂ ਕਰਾਊਨ ਅਤੇ ਫੁਲਕਾਰੀ ਪਾ ਕੇ ਸਨਮਾਨਿਤ ਕੀਤਾ ਗਿਆ ।ਪ੍ਰੋਗਰਾਮ ਦੌਰਾਨ ਨੈਸ਼ਨਲ ਐਵਾਰਡੀ ਸਤਵੰਤ ਕੌਰ ਜੌਹਲ ਅਤੇ ਐਡਵੋਕੇਟ ਰੁਪਿੰਦਰ ਪਾਲ ਕੌਰ ਵੱਲੋਂ ਜੱਜ ਦੀ ਭੂਮਿਕਾ ਨਿਭਾਈ ਗਈ ।

ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਨੂੰ ਮੰਚ ਵੱਲੋਂ ਸਨਮਾਨਿਤ ਕੀਤਾ ਗਿਆ।  ਜਿਨ੍ਹਾਂ ਵਿੱਚ ਡਾਕਟਰ ਰਵੀਨਾ ਸੂਰੀ, ਐੱਮ ਸੀ ਰਮਨਦੀਪ ਕੌਰ , ਐੱਮ ਸੀ ਹਰਜਿੰਦਰ ਕੌਰ ਸੋਹਾਣਾ, ਕੁਲਦੀਪ ਕੌਰ ਨਰਸਿੰਗ ਸੁਪਰੀਡੈਂਟ ਇੰਡਸ ਇੰਟਰਨੈਸ਼ਨਲ ਹੌਸਪੀਟਲ, ਹਰਭਜਨ ਕੌਰ ਉੱਘੇ ਸਮਾਜ ਸੇਵੀ , ਕੁਲਦੀਪ ਕੌਰ ਪ੍ਰੈਜੀਡੈਂਟ ਵੁਮਨ ਸੈਲ ਮੋਹਾਲੀ , ਸਮਾਜ ਸੇਵੀ ਗੁਰਪ੍ਰੀਤ ਕੌਰ ਉੱਭਾ , ਜਤਿੰਦਰ ਕੌਰ ਗੁਰਦੁਆਰਾ ਲੰਬਿਆਂ ਸਾਹਿਬ, ਪੱਤਰਕਾਰ ਉਮਾ ਰਾਵਤ , ਪੱਤਰਕਾਰ ਸਿਮਰਜੀਤ ਕੌਰ ਧਾਲੀਵਾਲ, ਪੱਤਰਕਾਰ ਮਮਤਾ ਸ਼ਰਮਾ ਦਾ ਨਾਂ ਸ਼ਾਮਿਲ ਹੈ । ਦਿਸ਼ਾ ਟਰੱਸਟ ਵੱਲੋਂ ਮਨਾਈ ਗਏ ਤੀਆਂ ਦੇ ਤਿਉਹਾਰ ਨੇ ਜਿੱਥੇ ਧੀਆਂ ਦੇ ਚਿਹਰਿਆਂ ਦੇ ਉੱਤੇ ਰੌਣਕ ਲਿਆਂਦੀ , ਉਥੇ ਹੀ ਲੋਕਾਂ ਨੂੰ ਬੇਟੀ ਬਚਾਓ ਬੇਟੀ ਪੜਾਓ ਤੇ ਸਮਾਜ ਬਚਾਓ ਦਾ ਹੋਕਾ ਵੀ ਦਿੱਤਾ ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon