
‘ਦੁੱਧ ਨਾਲ ਪੁੱਤ ਪਾਲ ਕੇ, ਪਾਣੀ ਨੂੰ ਤਰਸਦੀਆਂ ਮਾਵਾਂ’ ਦੀ ਕਹਾਵਤ ਹੋਈ ਸੱਚ, ਪਿੰਡ ਕੁੰਭੜਾ ਵਿੱਚ ਧੜੱਲੇ ਨਾਲ ਵਿਕ ਰਿਹਾ ਸ਼ਰੇਆਮ ਚਿੱਟਾ,
ਸਾਡੇ ਪਿੰਡ ਵਿੱਚ ਨਸ਼ੇ ਦੇ ਆਦੀਆਂ ਦੀ ਭਰ ਜਾਵੇਗੀ ਟਰਾਲੀ ਥਾਣਾ ਫੇਸ ਅੱਠ ਦੀ ਪੁਲਿਸ ਨਹੀਂ ਕਰ ਰਹੀ ਰੋਕਥਾਮ ਲਈ ਉਚਿਤ ਕਾਰਵਾਈ: ਕੁੰਭੜਾ
ਮੋਹਾਲੀ, 9 ਨਵੰਬਰ: ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਮੋਰਚੇ ਤੇ ਨਸ਼ਿਆਂ ਤੋਂ ਪੀੜਿਤ ਪਿੰਡ ਕੁੰਭੜਾ ਦੇ ਨੌਜਵਾਨਾਂ ਦੀਆਂ ਮਾਵਾਂ ਪਰਮਜੀਤ ਕੌਰ ਅਤੇ ਦਰਸ਼ਨਾ ਦੇਵੀ ਪਹੁੰਚੀਆਂ ਤੇ ਬੜੇ ਦੁਖੀ ਮਨ ਨਾਲ ਪ੍ਰੈਸ ਸਾਹਮਣੇ ਦੱਸਿਆ ਕਿ ਉਹਨਾਂ ਦੇ ਬੱਚੇ ਨਸ਼ੇ ਦੇ ਆਦੀ ਹੋਣ ਕਰਕੇ ਘਰ ਦੀਆਂ ਵਸਤਾਂ ਚੁੱਕ ਚੁੱਕ ਕੇ ਵੇਚ ਦਿੰਦੇ ਹਨ। ਅਸੀਂ ਵਾਰ ਵਾਰ ਪੁਲਿਸ ਨੂੰ ਸੂਚਿਤ ਕੀਤਾ ਕਿ ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਸਾਡੇ ਬੱਚਿਆਂ ਨੂੰ ਬਚਾਓ ਪਰ ਪੁਲਿਸ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡਰਾਮੇਬਾਜ਼ੀ ਕਰਦੀ ਹੈ। ਪੀਜੀਆਂ ਵਿੱਚ ਜਾਕੇ ਝੂਠੀਆਂ ਫੋਟੋਆਂ ਕਰਵਾਕੇ ਖਾਨਾਪੂਰਤੀ ਕਰਕੇ ਬਸ ਖਬਰਾਂ ਲਖਵਾਕੇ ਵਾਹ ਵਾਹ ਖੱਟ ਰਹੀ ਹੈ। ਅਸੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਵਿੱਚ ਖਾਨਾ ਪੂਰਤੀ ਵਾਲੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਜਗਾ ਅਸਲੀਅਤ ਵਿੱਚ ਨਸ਼ਿਆਂ ਵਿਰੁੱਧ ਲੜਾਈ ਲੜੋ ਤਾਂ ਜੋ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਤੇ ਸਾਡੇ ਘਰ ਵਸ ਸਕਣ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਮਾਂ ਬਾਪ ਆਪਣੇ ਬੱਚਿਆਂ ਦੀ ਪਰਵਰਿਸ਼ ਕਰਕੇ ਉਹਨਾਂ ਨੂੰ ਬੜੀ ਮੁਸ਼ਕਿਲ ਨਾਲ ਪੜ੍ਹਾ ਲਿਖਾ ਕੇ ਕੰਮ ਕਰਨ ਦੇ ਲਾਇਕ ਬਣਾਉਂਦੇ ਹਨ। ਪਰ ਪੰਜਾਬ ਵਿੱਚ ਲਗਾਤਾਰ ਚੱਲ ਰਹੇ ਨਸ਼ੇ ਦੇ ਦੌਰ ਕਾਰਨ ਉਹ ਨਸ਼ੇ ਦੇ ਆਦੀ ਹੋ ਜਾਂਦੇ ਹਨ। ਪਰ ਪੁਲਿਸ ਨਸ਼ਾ ਤਸਕਰਾਂ ਨੂੰ ਫੜਨ ਦੀ ਬਜਾਏ ਨਸ਼ੇ ਦੇ ਆਦੀਆਂ ਨੂੰ ਫੜਕੇ ਖਾਨਾਪੂਰਤੀ ਕਰ ਰਹੀ ਹੈ। ਅੱਜ ਉਹ ਕਹਾਵਤ ਬਿਲਕੁਲ ਸੱਚ ਸਾਬਤ ਹੋ ਗਈ ਹੈ ਕਿ ‘ਦੁੱਧਾਂ ਨਾਲ ਪੁੱਤ ਪਾਲ ਕੇ ਪਾਣੀ ਨੂੰ ਤਰਸਦੀਆਂ ਮਾਵਾਂ’। ਮਾਵਾਂ ਦੇ ਬੱਚੇ ਨਸ਼ੇ ਦੀ ਪੂਰਤੀ ਲਈ ਘਰ ਦੇ ਸਮਾਨ ਤੱਕ ਨੂੰ ਵੇਚਦੇ ਹਨ। ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਤੇ ਡੀਜੀਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਸੱਚੇ ਦਿਲੋਂ ਕਾਰਵਾਈ ਕਰੋ ਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਕਾਮਯਾਬ ਕਰੋ। ਸ. ਕੁੰਭੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਬੋਰਡ ਲਗਾਕੇ ਕਿਹਾ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਦੇ ਨੰਬਰ ਭੇਜੋ, ਉਹਨਾਂ ਦੇ ਨਾਂ ਦੱਸੋ। ਲੋਕ ਸ਼ਰੇਆਮ ਨਸ਼ਾ ਤਸਕਰਾਂ ਦੇ ਨਾਮ ਦੱਸ ਰਹੇ ਹਨ ਤੇ ਕਈ ਨਸ਼ਾ ਤਸਕਰ ਜਿਨਾਂ ਨੇ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ, ਜੇਲਾਂ ਵਿੱਚ ਬੰਦ ਹਨ। ਸਰਕਾਰ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਕਿਉਂ ਨਹੀਂ ਚਲਾ ਰਹੀ।
ਇਸ ਮੌਕੇ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਬਲਵਿੰਦਰ ਸਿੰਘ ਨੰਬਰਦਾਰ, ਹਰਪਾਲ ਸਿੰਘ, ਪੂਨਮ ਰਾਣੀ, ਨੀਲਮ, ਪਿਆਰੀ, ਭਿੰਦਰ ਕੌਰ, ਪਰਮਿੰਦਰ ਸਿੰਘ ਆਦਿ ਹਾਜ਼ਰ ਹੋਏ।