News

ਪ੍ਰਾਪਰਟੀ ਦਾ ਕੰਮ ਕਰਦੇ ਵਿਅਕਤੀ ਨੇ ਪੁੱਤਰ, ਪਤਨੀ ਅਤੇ ਖ਼ੁਦ ਨੂੰ ਮਾਰੀ ਗੋਲੀ: ਤਿੰਨੋਂ ਮ੍ਰਿਤਕਾਂ ਦੀਆਂ ਫ਼ਾਰਚੂਨਰ ਗੱਡੀ ਵਿੱਚੋਂ ਮਿਲੀਆਂ ਲਾਸ਼ਾਂ

Published

on

ਬਨੂੜ-ਤੇਪਲਾ ਕੌਮੀ ਮਾਰਗ ਉੱਤੇ ਪਿੰਡ ਚੰਗੇਰਾ ਨੇੜੇ ਵਾਪਰੀ ਦਰਦਨਾਕ ਘਟਨਾ
ਬਨੂੜ, 22 ਜੂਨ (ਅਵਤਾਰ ਸਿੰਘ) ਬਨੂੜ ਤੋਂ ਤੇਪਲਾ ਕੌਮੀ ਮਾਰਗ ਤੋਂ ਪੈਂਦੇ ਪਿੰਡ ਚੰਗੇਰਾ ਦੀ ਜਮੀਨ ਵਿੱਚ ਕੌਮੀ ਮਾਰਗ ਤੋਂ ਕੁਝ ਗਜ ਦੀ ਦੂਰੀ ਖੜ੍ਹੀ ਫ਼ਾਰਚੂਨਰ ਪੀਬੀ 65ਏਐਮ-0082 ਵਿੱਚੋਂ ਤਿੰਨ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਸੰਦੀਪ ਸਿੰਘ ਰਾਜਪਾਲ (45) ਵਾਸੀ ਪਿੰਡ ਸਿੱਖਵਾਲਾ, ਨੇੜੇ ਲੰਬੀ (ਜ਼ਿਲ੍ਹਾ ਬਠਿੰਡਾ), ਉਸ ਦੀ ਪਤਨੀ ਮਨਦੀਪ ਕੌਰ (42) ਅਤੇ ਉਸ ਦੇ ਪੁੱਤਰ ਅਭੈ (15 ਸਾਲ) ਵਜੋਂ ਹੋਈ ਹੈ। ਅਭੈ ਦਿਮਾਗੀ ਤੌਰ ਤੇ ਪੂਰੀ ਤਰਾਂ ਤੰਦਰੁਸਤ ਨਹੀਂ ਸੀ। ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹੁਣ ਇਹ ਪਰਿਵਾਰ ਪਿਛਲੇ ਸੱਤ-ਅੱਠ ਸਾਲਾਂ ਤੋਂ ਮੁਹਾਲੀ ਦੇ ਐਮਆਰ ਸੈਕਟਰ 109 ਵਿਖੇ ਰਹਿੰਦਾ ਸੀ।
ਗੱਡੀ ਵਿਚ ਚਾਲਕ ਦੀ ਸੀਟ ਉੱਤੇ ਮ੍ਰਿਤਕ ਸੰਦੀਪ ਸਿੰਘ ਡਿੱਗਿਆ ਹੋਇਆ ਸੀ ਤੇ ਉਸ ਦੇ ਹੱਥ ਵਿਚ ਪਿਸਟਲ ਫੜਿ੍ਹਆ ਹੋਇਆ ਸੀ। ਉਸ ਦੇ ਨਾਲ ਵਾਲੀ ਸੀਟ ਉੱਤੇ ਉਸ ਦੀ ਪਤਨੀ ਅਤੇ ਪਿਛਲੀ ਸੀਟ ਉੱਤੇ ਪੁੱਤਰ ਦੀ ਲਾਸ਼ ਪਈ ਸੀ। ਤਿੰਨੋਂ ਮ੍ਰਿਤਕਾਂ ਦੇ ਸਿਰ ਦੀ ਪੁੜਪੜੀ ਵਿਚ ਗੋਲੀਆਂ ਦੇ ਨਿਸ਼ਾਨ ਸਨ।
ਘਟਨਾ ਦਾ ਪਤਾ ਖੇਤਾਂ ਵਿੱਚੋਂ ਖੇਤਾਂ ਦੀ ਪਹੀ ਵਿਚ ਖੜੀ ਫਾਰਚੂਨਰ ਗੱਡੀ ਦੇ ਨੇੜੇ ਟਿਊਬਵੈੱਲ ਲਗਾਉਣ ਆਏ ਕੁੱਝ ਵਿਅਕਤੀਆਂ ਤੋਂ ਲੱਗਿਆ, ਜਿਨ੍ਹਾਂ ਨੇ ਗੱਡੀ ਵਿਚ ਲਾਸ਼ਾਂ ਵੇਖ ਕੇ ਬਨੂੜ ਪੁਲਿਸ ਨੂੰ ਸੂਚਿਤ ਕੀਤਾ। ਜਿਸ ਮਗਰੋਂ ਥਾਣਾ ਬਨੂੜ ਦੇ ਐਸਐਚਓ ਅਰਸ਼ਦੀਪ ਸ਼ਰਮਾ, ਜਾਂਚ ਅਧਿਕਾਰੀ ਹਰਦੇਵ ਸਿੰਘ, ਏਐਸਆਈ ਜਸਵਿੰਦਰਪਾਲ ਦੀ ਟੀਮ ਸਮੇਤ ਤੁਰੰਤ ਮੌਕੇ ਤੇ ਪਹੁੰਚੇ। ਰਾਜਪੁਰਾ ਤੋਂ ਡੀਐਸਪੀ ਮਨਜੀਤ ਸਿੰਘ ਵੀ ਮੌਕੇ ਤੇ ਪੁੱਜੇ। ਫਰਾਂਸਿਕ ਮਾਹਿਰ ਅਤੇ ਐਫ਼ਐਸਐੱਲ ਦੀ ਟੀਮ ਵੀ ਮੌਕੇ ਤੇ ਪੁੱਜੀ। ਪੁਲਿਸ ਦੇ ਪਹੁੰਚਣ ਤੱਕ ਮ੍ਰਿਤਕਾਂ ਦੀਆਂ ਲਾਸ਼ਾਂ ਵਾਲੀ ਫ਼ਾਰਚੂਨਰ ਗੱਡੀ ਸਟਾਰਟ ਹੀ ਖੜ੍ਹੀ ਸੀ। ਜਿਸ ਦੇ ਦਰਵਾਜ਼ੇ ਲਾਕ ਨਹੀਂ ਸਨ ਅਤੇ ਏਸੀ ਚੱਲ ਰਿਹਾ ਸੀ। ਗੱਡੀ ਨੂੰ ਪੁਲਿਸ ਨੇ ਜਾ ਕੇ ਬੰਦ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਸਾਂਮ ਚਾਰ ਵਜੇ ਪਤਾ ਲੱਗਾ। ਪੁਲਿਸ ਵੱਲੋਂ ਰਾਤੀਂ ਅੱਠ ਵਜੇ ਦੇ ਕਰੀਬ ਸਾਰੀ ਕਾਰਵਾਈ ਮੁਕੰਮਲ ਕਰਨ ਉਪਰੰਤ ਪਰਿਵਾਰ ਦੇ ਤਿੰਨੋਂ ਜੀਆਂ ਦੀਆਂ ਲਾਸ਼ਾਂ ਨੀਲਮ ਹਸਪਤਾਲ ਦੀ ਮੋਰਚਰੀ ਵਿਚ ਰਖ਼ਾਈਆਂ ਗਈਆਂ। ਡੀਐਸਪੀ ਰਾਜਪੁਰਾ ਮਨਜੀਤ ਸਿੰਘ ਅਤੇ ਥਾਣਾ ਬਨੂੜ ਦੇ ਮੁਖੀ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਇਹ ਖ਼ੁਦਕਸ਼ੀ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਕਾਰਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਆਉਣ ਮਗਰੋਂ ਸੋਮਵਾਰ ਨੂੰ ਪੋਸਟ ਮਾਰਟਮ ਕਰਾਇਆ ਜਾਵੇਗਾ।
ਮੌਕੇ ਦੇ ਪਹੁੰਚੇ ਮ੍ਰਿਤਕ ਦੇ ਇੱਕ ਰਿਸ਼ਤੇਦਾਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਅਤੇ ਉਸ ਦਾ ਪਰਿਵਾਰ ਕਿਸਾਨ ਪਰਿਵਾਰ ਨਾਲ ਸਬੰਧਿਤ ਹਨ ਅਤੇ ਉਹ ਪ੍ਰਾਪਰਟੀ ਦਾ ਵੀ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਹਫ਼ਤਾ ਕੁ ਪਹਿਲਾਂ ਹੀ ਉਨ੍ਹਾਂ ਦੀ ਉਸ ਨਾਲ ਗੱਲ ਹੋਈ ਸੀ। ਮ੍ਰਿਤਕ ਦਾ ਇੱਕ ਭਰਾ ਆਪਣੇ ਪਿੰਡ ਰਹਿੰਦਾ ਹੈ, ਜਦੋਂ ਕਿ ਉਸ ਦੀ ਭੈਣ ਵਿਦੇਸ਼ ਵਿਚ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਆਂਢੀ ਗਵਾਂਢੀ ਵੀ ਮੌਕੇ ਤੇ ਪਹੁੰਚ ਗਏ।
ਫੋਟੋ ਕੈਪਸ਼ਨ:- ਮ੍ਰਿਤਕਾਂ ਦੀਆਂ ਫ਼ਾਇਲ ਫੋਟੋਆਂ। ਲਾਸ਼ਾਂ ਮਿਲਣ ਵਾਲੀ ਫ਼ਾਰਚੂਨਰ ਗੱਡੀ। ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon