News

ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਐਲਬਮ ‘ਪੰਜਵਾ ਅਖਾੜਾ’ ਰਿਲੀਜ਼

Published

on

ਮੋਹਾਲੀ ਵਿੱਚ ਕਰਵਾਈ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਸਿੱਧ ਪੰਜਾਬੀ ਗਾਇਕ ਹਾਕਮ ਬਖਤੜੀਵਾਲਾ ਅਤੇ ਬੀਬਾ ਦਲਜੀਤ ਕੌਰ ਵੱਲੋਂ ਆਪਣੀ ਨਵੀਂ ਐਲਬਮ ‘ਪੰਜਵਾ ਅਖਾੜਾ’ ਰਿਲੀਜ਼ ਕੀਤੀ ਗਈ। ਇਸ ਮੌਕੇ ਦੋਹਾਂ ਕਲਾਕਾਰਾਂ ਨੇ ਕਿਹਾ ਕਿ ਇਹ ਐਲਬਮ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ, ਪੰਜਾਬੀਅਤ ਅਤੇ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਹੈ। ਇਹ ਐਲਬਮ ਵਾਈਟਲ ਰਿਕਾਰਡ ਵੱਲੋਂ ਰਿਲੀਜ਼ ਕੀਤੀ ਗਈ ਹੈ।

ਪ੍ਰੈਸ ਕਾਨਫਰੰਸ ਵਿੱਚ ਵਾਈਟਲ ਰਿਕਾਰਡ ਦੇ ਸੰਚਾਲਕ ਤਲਜਿੰਦਰ ਨਾਗਰਾ, ਉਨ੍ਹਾਂ ਦੇ ਪੁੱਤਰ ਅਰਸ਼ ਨਾਗਰਾ ਸਮੇਤ ਪੂਰੀ ਟੀਮ ਮੌਜੂਦ ਰਹੀ। ਇਸ ਮੌਕੇ ਤਲਜਿੰਦਰ ਨਾਗਰਾ ਨੇ ਦੱਸਿਆ ਕਿ ਐਲਬਮ ‘ਪੰਜਵਾ ਅਖਾੜਾ’ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਮੰਦੀਪ ਦਿੱਪੀ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸਦੇ ਵੀਡੀਓਜ਼ ਦੀ ਡਾਇਰੈਕਸ਼ਨ ਗੁਲਨੂਰ ਮੀਡੀਆ ਵੱਲੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਐਲਬਮ ਰਵਾਇਤੀ ਪੰਜਾਬੀ ਲੋਕ ਸੰਗੀਤ ਨੂੰ ਆਧੁਨਿਕ ਤਕਨੀਕ ਨਾਲ ਜੋੜਨ ਦੀ ਕੋਸ਼ਿਸ਼ ਹੈ।

ਹਾਕਮ ਬਖਤੜੀਵਾਲਾ ਨੇ ਐਲਬਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਪੰਜਵਾ ਅਖਾੜਾ’ ਵਿੱਚ ਕੁੱਲ 8 ਗੀਤ ਸ਼ਾਮਲ ਹਨ। ਇਨ੍ਹਾਂ ਵਿੱਚੋਂ ਦੋ ਗੀਤ ਉਨ੍ਹਾਂ ਵੱਲੋਂ ਖੁਦ ਲਿਖੇ ਗਏ ਹਨ, ਜਦਕਿ ਬਾਕੀ ਗੀਤ ਉਨ੍ਹਾਂ ਦੇ ਉਸਤਾਦ ਸਾਬਰ ਰਾਇ ਕੋਟੀ ਜੀ, ਲੇਖਕ ਸਾਜਨ ਰਾਇ ਕੋਟੀ, ਕੁਲਬੀਰ ਚੋਟੀ ਵਾਲਾ ਅਤੇ ਹੋਰ ਪ੍ਰਸਿੱਧ ਗੀਤਕਾਰਾਂ ਵੱਲੋਂ ਲਿਖੇ ਗਏ ਹਨ। ਉਨ੍ਹਾਂ ਕਿਹਾ ਕਿ ਐਲਬਮ ਦੇ ਸਾਰੇ ਗੀਤ ਸਾਫ਼-ਸੁਥਰੀ ਅਤੇ ਪਰਿਵਾਰਕ ਸੋਚ ਨੂੰ ਦਰਸਾਉਂਦੇ ਹਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਅਤੇ ਬੀਬਾ ਦਲਜੀਤ ਕੌਰ ਦਾ ਗਾਇਕੀ ਦਾ ਸਫ਼ਰ ਹੁਣ ਪੰਜਵੇ ਦਹਾਕੇ ਵਿੱਚ ਦਾਖਲ ਹੋ ਚੁੱਕਾ ਹੈ ਅਤੇ ਇਨ੍ਹਾਂ ਸਾਲਾਂ ਦੌਰਾਨ ਉਹ ਹਮੇਸ਼ਾ ਪੰਜਾਬੀ ਸੱਭਿਆਚਾਰ ਅਤੇ ਪੰਜਾਬੀਅਤ ਨੂੰ ਜਿੰਦਾ ਰੱਖਣ ਵਾਲੇ ਗੀਤ ਹੀ ਗਾਂਦੇ ਆ ਰਹੇ ਹਨ। ਮਾਂ ਬੋਲੀ ਪੰਜਾਬੀ ਨੂੰ ਲੈ ਕੇ ਉਨ੍ਹਾਂ ਦੇ ਸਿਧਾਂਤ ਸਦਾ ਹੀ ਮਜ਼ਬੂਤ ਰਹੇ ਹਨ।

ਮੌਜੂਦਾ ਗਾਇਕੀ ਬਾਰੇ ਗੱਲ ਕਰਦਿਆਂ ਹਾਕਮ ਬਖਤੜੀਵਾਲਾ ਨੇ ਕਿਹਾ ਕਿ ਭਾਵੇਂ ਅੱਜਕੱਲ੍ਹ ਕਈ ਕਿਸਮਾਂ ਦੇ ਗੀਤ ਬਣ ਰਹੇ ਹਨ, ਪਰ ਉਨ੍ਹਾਂ ਨੇ ਹਮੇਸ਼ਾ ਆਪਣੀ ਗਾਇਕੀ ਰਾਹੀਂ ਪੰਜਾਬ ਦੀ ਮਿੱਟੀ, ਸਭਿਆਚਾਰ ਅਤੇ ਰਵਾਇਤਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਮੌਕੇ ਬੀਬਾ ਦਲਜੀਤ ਕੌਰ ਨੇ ਵੀ ਕਿਹਾ ਕਿ ‘ਪੰਜਵਾ ਅਖਾੜਾ’ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਲੋਕ ਸੰਗੀਤ ਨਾਲ ਜੋੜਨ ਦਾ ਇੱਕ ਮਜ਼ਬੂਤ ਮਾਧਿਅਮ ਸਾਬਤ ਹੋਵੇਗਾ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon