News

ਪੰਜਾਬ ਦੇ ਖੇਤੀਬਾੜੀ ਬਾਰੇ ਪ੍ਰਬੰਧਕੀ ਸਕੱਤਰ ਨੇ ਸ਼੍ਰੀ ਅਰਸ਼ਦੀਪ ਸਿੰਘ ਥਿੰਦ ਨੇ ਪੀ.ਏ.ਯੂ. ਦਾ ਵਿਸ਼ੇਸ਼ ਦੌਰਾ ਕੀਤਾ

Published

on

ਲੁਧਿਆਣਾ 19 ਦਸੰਬਰ, 2025
ਪੀ.ਏ.ਯੂ. ਵਿਖੇ ਪੰਜਾਬ ਦੀ ਖੇਤੀਬਾੜੀ ਨੂੰ ਨਵੀਂ ਦਿਸ਼ਾ ਵੱਲ ਤੋਰਨ ਲਈ ਜਾਰੀ ਗਤੀਵਿਧੀਆਂ ਦਾ ਜਾਇਜ਼ਾ ਲੈਣ ਅਤੇ ਯੂਨੀਵਰਸਿਟੀ ਦੇ ਖੋਜ, ਅਕਾਦਮਿਕ ਅਤੇ ਪਸਾਰ ਕਾਰਜਾਂ ਨੂੰ ਜਾਣਨ ਲਈ ਪੰਜਾਬ ਦੇ ਖੇਤੀਬਾੜੀ ਨਾਲ ਸੰਬੰਧਤ ਪ੍ਰਬੰਧਕੀ ਸਕੱਤਰ ਸ਼੍ਰੀ ਅਰਸ਼ਦੀਪ ਸਿੰਘ ਥਿੰਦ ਨੇ ਯੂਨੀਵਰਸਿਟੀ ਦਾ ਵਿਸ਼ੇਸ਼ ਦੌਰਾ ਕੀਤਾ| ਇਸ ਦੌਰਾਨ ਸ਼੍ਰੀ ਥਿੰਦ ਨੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਨੂੰ ਨੇੜਿਓਂ ਵਾਚਿਆ ਅਤੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਅਗਾਂਹਵਧੂ ਕਿਸਾਨਾਂ ਅਤੇ ਰਾਜ ਦੇ ਖੇਤੀ ਉੱਦਮੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ|
ਸ਼੍ਰੀ ਥਿੰਦ ਨੇ ਇਸ ਦੌਰਾਨ ਯੂਨੀਵਰਸਿਟੀ ਵਿਭਾਗਾਂ ਵੱਲੋਂ ਲਾਈ ਵਿਸ਼ੇਸ਼ ਪ੍ਰਦਰਸ਼ਨੀ ਨੂੰ ਦੇਖਿਆ| ਉਹਨਾਂ ਨੇ ਕਣਕ, ਝੋਨੇ, ਮੱਕੀ, ਨਰਮੇ, ਕਮਾਦ, ਦਾਲਾਂ, ਤੇਲਬੀਜ ਅਤੇ ਬਾਗਬਾਨੀ ਫਸਲਾਂ ਜਿਵੇਂ ਸਬਜ਼ੀਆਂ, ਫਲਾਂ, ਫੁੱਲਾਂ ਅਤੇ ਵਣ ਖੇਤੀ ਦੇ ਖੇਤਰ ਦੀਆਂ ਉੱਤਮ ਕਿਸਮਾਂ ਦੀ ਜਾਣਕਾਰੀ ਲਈ ਨਾਲ ਹੀ ਸ਼੍ਰੀ ਥਿੰਦ ਨੇ ਪੌਦਾ ਰੋਗ ਵਿਗਿਆਨ ਅਤੇ ਕੀਟ ਵਿਗਿਆਨ ਮਾਹਿਰਾਂ ਨਾਲ ਗੱਲਬਾਤ ਕੀਤੀ| ਉਹਨਾਂ ਨੇ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਕੀਤੀਆਂ ਜਾਣ ਵਾਲੀਆਂ ਪੌਦ ਸੁਰੱਖਿਆ ਤਕਨੀਕਾਂ ਦਾ ਜਾਇਜ਼ਾ ਲਿਆ| ਸ਼੍ਰੀ ਥਿੰਦ ਦਾ ਵਿਸ਼ੇਸ਼ ਧਿਆਨ ਇਸ ਦੌਰਾਨ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਜਾ ਰਹੀ ਖੇਤੀ ਮਸ਼ੀਨਰੀ ਅਤੇ ਸਰੋਤ ਸੰਭਾਲ ਤਕਨਾਲੋਜੀਆਂ ਵੱਲ ਵੀ ਰਿਹਾ| ਜੈਵਿਕ ਖੇਤੀ ਮਾਹਿਰਾਂ ਵੱਲੋਂ ਲਾਈ ਪ੍ਰਦਰਸ਼ਨੀ ਦੇ ਨਾਲ-ਨਾਲ ਉਹਨਾਂ ਨੇ ਹੁਨਰ ਵਿਕਾਸ ਦੇ ਕੀਤੇ ਜਾਂਦੇ ਕਾਰਜਾਂ ਨੂੰ ਜਾਣਿਆ ਅਤੇ ਪੀ.ਏ.ਯੂ. ਦੇ ਖੇਤੀ ਸਿਖਲਾਈ ਢਾਂਚੇ ਤੋਂ ਵਾਕਫੀ ਹਾਸਲ ਕੀਤੀ| ਨਾਲ ਹੀ ਉਹਨਾਂ ਨੇ ਬਾਇਓਤਕਨਾਲੋਜੀ ਮਾਹਿਰਾਂ ਅਤੇ ਜੀਵ ਵਿਗਿਆਨੀਆਂ ਨਾਲ ਵੀ ਸੰਵਾਦ ਰਚਾਇਆ|

ਬਾਅਦ ਵਿਚ ਇਕ ਵਿਸ਼ੇਸ਼ ਮਿਲਣੀ ਦੌਰਾਨ ਸ਼੍ਰੀ ਥਿੰਦ ਨੇ ਪੀ.ਏ.ਯੂ. ਵੱਲੋਂ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦੇਣ ਲਈ ਕੀਤੇ ਜਾ ਕਾਰਜਾਂ ਦੀ ਸਲਾਹੁਤਾ ਕੀਤੀ| ਉਹਨਾਂ ਕਿਹਾ ਕਿ ਯੂਨੀਵਰਸਿਟੀ ਨੇ ਇਤਿਹਾਸ ਵਿਚ ਪੰਜਾਬ ਦੀ ਕਿਸਾਨੀ ਨੂੰ ਪੈਰਾਂ ਸਿਰ ਕਰਨ ਦੇ ਪੱਖ ਤੋਂ ਬੜਾ ਮੁੱਲਵਾਨ ਕਾਰਜ ਕੀਤਾ ਹੈ| ਉਹਨਾਂ ਜਾਰੀ ਦੌਰੇ ਬਾਰੇ ਗੱਲ ਕਰਦਿਆਂ ਕਿਹਾ ਕਿ ਇਸਦਾ ਉਦੇਸ਼ ਯੂਨੀਵਰਸਿਟੀ ਵਿਚ ਜਾਰੀ ਅਕਾਦਮਿਕ ਖੋਜ ਅਤੇ ਪਸਾਰ ਪ੍ਰੋਜੈਕਟਾਂ ਦੀ ਤਕਨੀਕੀ ਪੜਚੋਲ ਨਾਲ ਜੁੜਿਆ ਹੋਇਆ ਹੈ| ਇਸਦੇ ਨਾਲ ਹੀ ਉਹ ਖੇਤੀ ਨਾਲ ਸੰਬੰਧਤ ਸਮੱਸਿਆਵਾਂ ਨੂੰ ਜ਼ਮੀਨੀ ਪੱਧਰ ਤੋਂ ਮਾਹਿਰਾਂ ਅਤੇ ਕਿਸਾਨਾਂ ਦੇ ਨਜ਼ਰੀਏ ਨਾਲ ਹੱਲ ਕਰਨ ਦੇ ਇਛੁੱਕ ਵੀ ਹਨ| ਉਹਨਾਂ ਨੇ ਰਾਜ ਸਰਕਾਰ ਵੱਲੋਂ ਖੇਤੀ ਲਈ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਇਸ ਦਿਸ਼ਾ ਵਿਚ ਭਵਿੱਖੀ ਕਾਰਜਾਂ ਦੀ ਰੂਪਰੇਖਾ ਲਈ ਮਾਹਿਰਾਂ ਅਤੇ ਉੱਚ ਅਧਿਕਾਰੀਆਂ ਨਾਲ ਮਸ਼ਵਰੇ ਕੀਤੇ ਜਾਣਗੇ| ਸ਼੍ਰੀ ਥਿੰਦ ਨੇ ਕਿਹਾ ਕਿ ਮੌਜੂਦਾ ਦੌਰ ਉਤਪਾਦਨ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਸੰਭਾਲ ਪੱਖੋਂ ਬੇਹੱਦ ਨਾਜ਼ੁਕ ਹੈ ਅਤੇ ਯੂਨੀਵਰਸਿਟੀ ਵੱਲੋਂ ਇਸ ਦਿਸ਼ਾ ਵਿਚ ਬਹੁਤ ਅਹਿਮ ਕਾਰਜ ਅੰਜ਼ਾਮ ਦਿੱਤਾ ਜਾ ਰਿਹਾ ਹੈ| ਉਹਨਾਂ ਨੇ ਵਾਤਾਵਰਨ ਪੱਖੀ ਖੇਤੀਬਾੜੀ, ਬਾਗਬਾਨੀ, ਬੀਜ ਉਤਪਾਦਨ, ਮੰਡੀਕਰਨ ਅਤੇ ਵਢਾਈ ਉਪਰੰਤ ਪ੍ਰਬੰਧਨ, ਖੇਤੀ ਮਸ਼ੀਨੀਕਰਨ ਅਤੇ ਖੇਤੀ ਰਹਿੰਦ-ਖੂੰਹਦ ਦੀ ਸੰਭਾਲ ਆਦਿ ਪ੍ਰੋਜੈਕਟਾਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ| ਸ਼੍ਰੀ ਥਿੰਦ ਨੇ ਕਿਹਾ ਕਿ ਪੇਂਡੂ ਖੇਤਰਾਂ ਵਿਚ ਰੁਜ਼ਗਾਰ ਵਧਾਉਣ ਲਈ ਪ੍ਰੋਸੈਸਿੰਗ ਨੂੰ ਨਵੇਂ ਸਿਰੇ ਤੋਂ ਵਿਉਂਤਣਾ ਬੇਹੱਦ ਜ਼ਰੂਰੀ ਹੈ ਅਤੇ ਇਸ ਦਿਸ਼ਾ ਵਿਚ ਪੀ.ਏ.ਯੂ. ਵੱਲੋਂ ਸਥਾਪਿਤ ਕੀਤੇ ਜਾ ਰਹੇ ਖੇਤੀ ਪ੍ਰੋਸੈਸਿੰਗ ਕੰਪਲੈਕਸਾਂ ਦਾ ਹਵਾਲਾ ਉਹਨਾਂ ਦਿੱਤਾ| ਉਹਨਾਂ ਕਿਹਾ ਕਿ ਸਥਾਨਕ ਲੋਕਾਂ ਨੂੰ ਲਾਭ ਦੇਣ ਲਈ ਸਥਾਨਕ ਖੇਤੀਬਾੜੀ ਅਤੇ ਰੁਜ਼ਗਾਰ ਢਾਂਚਾ ਮਜ਼ਬੂਤ ਕਰਨਾ ਲਾਜ਼ਮੀ ਹੈ ਅਤੇ ਇਸਲਈ ਸਰਕਾਰ ਅਤੇ ਯੂਨੀਵਰਸਿਟੀ ਮਿਲ ਕੇ ਯੋਜਨਾਬੰਦੀ ਤਿਆਰ ਕਰ ਰਹੇ ਹਨ| ਉਹਨਾਂ ਨੇ ਯੂਨੀਵਰਸਿਟੀ ਮਾਹਿਰਾਂ ਨਾਲ ਸਲਾਹ ਉਪਰੰਤ ਨਰਮੇ ਦੀ ਕਾਸ਼ਤ ਪ੍ਰਫੁੱਲਤ ਕਰਨ ਬਾਰੇ ਵੀ ਗੱਲ ਕੀਤੀ|

ਪੀ.ਏ.ਯੂ. ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਆਪਣੀ ਵਿਸ਼ੇਸ਼ ਟਿੱਪਣੀ ਵਿਚ ਯੂਨੀਵਰਸਿਟੀ ਵੱਲੋਂ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਕੀਤੀਆਂ ਜਾ ਰਹੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਪੀ.ਏ.ਯੂ. ਲਗਾਤਾਰ ਸੰਸਾਰ ਦੀਆਂ ਪ੍ਰਸਿੱਧ ਸੰਸਥਾਵਾਂ ਨਾਲ ਸੰਪਰਕ ਬਣਾ ਕੇ ਮਾਹਿਰਾਂ ਅਤੇ ਵਿਦਿਆਰਥੀਆਂ ਦੇ ਦੁਵੱਲੇ ਤਬਾਦਲੇ ਲਈ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਖੇਤੀ ਵਿਚ ਹੋਰ ਵਿਗਿਆਨਕ ਤਜਰਬਾ ਸ਼ਾਮਿਲ ਕੀਤਾ ਜਾ ਸਕੇ| ਵਾਈਸ ਚਾਂਸਲਰ ਨੇ ਇਸ ਮੌਕੇ ਯੂਨੀਵਰਸਿਟੀ ਵੱਲੋਂ ਖੇਤੀ ਵਿਚ ਸਪੀਡ ਬਿ੍ਰਡਿੰਗ, ਬਾਇਓਤਕਨਾਲੋਜੀ, ਖੇਤੀ ਪ੍ਰੋਸੈਸਿੰਗ, ਖੇਤੀ ਵਪਾਰ, ਆਈ, ਸੈਂਸਰ ਅਧਾਰਿਤ ਕਾਰਜ, ਸਵੈ ਸੰਚਾਲਿਤ ਖੇਤੀ ਮਸ਼ੀਨਰੀ ਆਦਿ ਬਾਰੇ ਕੀਤੇ ਜਾ ਰਹੇ ਕਾਰਜਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ| ਉਹਨਾਂ ਕਿਹਾ ਕਿ ਜਿੱਥੇ ਯੂਨੀਵਰਸਿਟੀ ਖੋਜ ਦਾ ਮੰਤਵ ਕੁਦਰਤੀ ਸਰੋਤਾਂ ਦੀ ਸੰਭਾਲ ਨਾਲ ਜੁੜਿਆ ਹੋਇਆ ਹੈ ਉਥੇ ਪੋਸ਼ਣ ਨੂੰ ਪ੍ਰਮੁੱਖਤਾ ਦਿੰਦਿਆਂ ਨਵੀਆਂ ਕਿਸਮਾਂ ਦੀ ਖੋਜ ਵੀ ਕੀਤੀ ਜਾ ਰਹੀ ਹੈ|

ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਯੂਨੀਵਰਸਿਟੀ ਦੀਆਂ ਖੋਜ ਗਤੀਵਿਧੀਆਂ ਸਾਂਝੀਆਂ ਕੀਤੀਆਂ| ਉਹਨਾਂ ਕਿਹਾ ਕਿ ਮੌਜੂਦਾ ਖੇਤੀ ਚੁਣੌਤੀਆਂ ਦੇ ਸਨਮੁਖ ਸਥਿਰ ਅਤੇ ਮਜ਼ਬੂਤ ਖੇਤੀ ਢਾਂਚੇ ਦੀ ਉਸਾਰੀ ਲਈ ਯੂਨੀਵਰਸਿਟੀ ਲਗਾਤਾਰ ਯਤਨਸ਼ੀਲ ਹੈ| ਡਾ. ਢੱਟ ਨੇ ਕੁਦਰਤੀ ਸਰੋਤਾਂ ਦੀ ਸੰਭਾਲ ਦੇ ਪੱਖ ਤੋਂ ਘੱਟ ਮਿਆਦ ਵਿਚ ਪੱਕਣ ਵਾਲੀਆਂ ਕਿਸਮਾਂ ਦਾ ਜ਼ਿਕਰ ਕੀਤਾ| ਨਾਲ ਹੀ ਉਹਨਾਂ ਨੇ ਪਿਛਲੇ ਸਮੇਂ ਵਿਚ ਫਸਲੀ ਰਹਿੰਦ-ਖੂੰਹਦ ਦੀ ਸੰਭਾਲ ਲਈ ਨਵੀਆਂ ਤਕਨਾਲੋਜੀਆਂ ਬਾਰੇ ਜਾਣਕਾਰੀ ਦਿੱਤੀ| ਉਹਨਾਂ ਕਿਹਾ ਕਿ ਪਾਣੀ ਅਤੇ ਮਿੱਟੀ ਦੀ ਸੰਭਾਲ ਦੇ ਨਾਲ-ਨਾਲ ਖੇਤੀ ਪ੍ਰੋਸੈਸਿੰਗ ਅਤੇ ਉਤਪਾਦ ਨਿਰਮਾਣ ਵੱਲ ਯੂਨੀਵਰਸਿਟੀ ਖੋਜੀਆਂ ਵੱਲੋਂ ਕੀਤੇ ਜਾ ਰਹੇ ਯਤਨ ਸਮੁੱਚੀ ਖੇਤੀ ਨੂੰ ਨਵੀਂ ਦਿਸ਼ਾ ਵੱਲੋ ਤੋਰਨ ਵਾਲੇ ਸਾਬਿਤ ਹੋਣਗੇ|

ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਪੀ.ਏ.ਯੂ. ਦੇ ਪਸਾਰ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਬੀਤੇ ਸਮੇਂ ਵਿਚ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ, ਫਸਲੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ, ਸਹਾਇਕ ਕਿੱਤਿਆਂ ਅਤੇ ਮੁਹਾਰਤ ਵਿਕਾਸ ਦੇ ਖੇਤਰ ਵਿਚ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤਰੀ ਖੋਜ ਕੇਂਦਰਾਂ ਦੇ ਮਾਹਿਰਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦਾ ਉਲੇਖ ਕੀਤਾ|

ਇਸ ਮੌਕੇ ਕਿਸਾਨਾਂ ਨਾਲ ਸੰਵਾਦ ਦੌਰਾਨ ਸ਼੍ਰੀ ਅਰਸ਼ਦੀਪ ਸਿੰਘ ਥਿੰਦ ਨੇ ਬਹੁਤ ਸਾਰੇ ਮੁੱਦਿਆਂ ਉੱਪਰ ਕਿਸਾਨਾਂ ਦੀ ਰਾਇ ਜਾਣੀ| ਅਗਾਂਹਵਧੂ ਕਿਸਾਨਾਂ ਨੇ ਨਹਿਰੀ ਪਾਣੀ ਨੂੰ ਸੁਚਾਰੂ ਬਨਾਉਣ ਲਈ ਸਰਕਾਰ ਦਾ ਧੰਨਵਾਦ ਕੀਤਾ| ਇਸ ਦੌਰਾਨ ਖਾਦ ਵਿਤਰਣ ਤੋਂ ਇਲਾਵਾ ਸਬਸਿਡੀ ਅਤੇ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਦੀ ਮਸ਼ੀਨਰੀ ਤੋਂ ਇਲਾਵਾ ਸਹਾਇਕ ਕਿੱਤਿਆਂ ਆਦਿ ਬਾਰੇ ਵੀ ਕਿਸਾਨਾਂ ਨੇ ਉਸਾਰੂ ਸੁਝਾਅ ਦਿੱਤੇ|
ਸਮਾਰੋਹ ਦਾ ਸੰਚਾਲਨ ਕਰਦਿਆਂ ਸ਼੍ਰੀ ਵਿਸ਼ਾਲ ਬੈਕਟਰ ਨੇ ਸਭ ਦਾ ਧੰਨਵਾਦ ਕੀਤਾ|
ਇਸ ਦੌਰੇ ਦੌਰਾਨ ਸ਼੍ਰੀ ਥਿੰਦ ਨੇ ਡਾ. ਗੁਰਦੇਵ ਸਿੰਘ ਖੁਸ਼ ਇੰਸਟੀਚਿਊਟ ਤੋਂ ਇਲਾਵਾ ਖੇਤੀ ਪ੍ਰੋਸੈਸਿੰਗ ਕੰਪਲੈਕਸ, ਖੇਤ ਮਸ਼ੀਨਰੀ ਖੋਜ ਕੇਂਦਰ ਅਤੇ ਯੂਨੀਵਰਸਿਟੀ ਦੇ ਖੋਜ ਖੇਤਰਾਂ ਦਾ ਦੌਰਾ ਵੀ ਕੀਤਾ| ਇਸ ਮੌਕੇ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਮਾਨਵਇੰਦਰਾ ਸਿੰਘ ਗਿੱਲ,  ਡੀਨ ਬਾਗਬਾਨੀ ਕਾਲਜ ਡਾ. ਰਿਸ਼ੀਇੰਦਰਾ ਸਿੰਘ ਗਿੱਲ, ਡੀਨ ਖੇਤੀ ਇੰਜਨੀਅਰਿੰਗ ਕਾਲਜ ਡਾ. ਮਨਜੀਤ ਸਿੰਘ, ਡੀਨ ਖੇਤੀਬਾੜੀ ਕਾਲਜ ਡਾ. ਪੀ ਕੇ ਕਿੰਗਰਾ, ਵਧੀਕ ਨਿਰਦੇਸ਼ਕ ਖੋਜ ਡਾ. ਜੀ ਐੱਸ ਮਾਂਗਟ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜੀ ਪੀ ਐੱਸ ਸੋਢੀ, ਅਪਰ ਨਿਰਦੇਸ਼ਕ ਸੰਚਾਰ ਡਾ. ਤਰਸੇਮ ਸਿੰਘ ਢਿੱਲੋਂ , ਡਾ ਮਹੇਸ਼ ਕੁਮਾਰ  ਵਧੀਕ ਨਿਰਦੇਸ਼ਕ ਖੋਜ ਖੇਤੀ ਇੰਜਨੀਅਰਿੰਗ ਡਾ ਕੇ.ਬੀ. ਸਿੰਘ, ਡਾਇਰੈਕਟਰ ਪਮੇਟੀ ਅਤੇ ਕੰਪਟਰੋਲਰ ਡਾ. ਸ਼ੰਮੀ ਕਪੂਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਮਾਹਿਰ ਵੀ ਮੌਜੂਦ ਸਨ|

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon