
ਮੋਹਾਲੀ, 7 ਜਨਵਰੀ 2026:
ਬਾਰਡਰ ਸੁਰੱਖਿਆ ਫੋਰਸ (ਬੀ ਐਸ ਐਫ) ਦੇ ਵੈਸਟਰਨ (ਪੱਛਮੀ) ਕਮਾਂਡ ਵੱਲੋਂ ਬੁੱਧਵਾਰ ਨੂੰ ਬੀ ਐਸ ਐਫ ਵੈਸਟਰਨ ਕਮਾਂਡ, ਲਖਨੌਰ ਕੈਂਪਸ, ਮੋਹਾਲੀ (ਪੰਜਾਬ) ਵਿੱਚ ਮੈਡਲ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸੇਵਾ ਕੇ ਰਹੇ ਅਤੇ ਸੇਵਾ ਮੁਕਤ ਬੀ ਐਸ ਐਫ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਬੇਹਤਰੀਨ ਸੇਵਾਵਾਂ ਲਈ ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼੍ਰੀ ਗੁਲਾਬ ਚੰਦ ਕਟਾਰੀਆ, ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਚੰਡੀਗੜ੍ਹ ਨੇ ਸ਼ਿਰਕਤ ਕੀਤੀ। ਇਸ ਮੌਕੇ ਮੋਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਦੀ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਸੰਬੰਧਿਤ ਕਈ ਮਾਣਯੋਗ ਹਸਤੀਆਂ ਵੀ ਹਾਜ਼ਰ ਸਨ।
ਸਮਾਰੋਹ ਦੌਰਾਨ ਕੁੱਲ 24 ਅਧਿਕਾਰੀਆਂ, ਸੁਬਾਰਡੀਨੇਟ ਅਧਿਕਾਰੀਆਂ ਅਤੇ ਹੋਰ ਰੈਂਕਾਂ, ਜਿਨ੍ਹਾਂ ਵਿੱਚ ਸੇਵਾ ਮੁਕਤ ਬੀ ਐਸ ਐਫ ਅਧਿਕਾਰੀ ਅਤੇ ਕਰਮਚਾਰੀ ਵੀ ਸ਼ਾਮਲ ਸਨ, ਨੂੰ ਮੇਰਿਟੋਰਿਅਸ ਸਰਵਿਸ ਲਈ ਪੁਲਿਸ ਮੈਡਲ ਪ੍ਰਦਾਨ ਕੀਤੇ ਗਏ। ਸ਼੍ਰੀ ਸਤੀਸ਼ ਐਸ. ਖੰਡਾਰੇ, ਆਈ ਪੀ ਐਸ, ਏ ਡੀ ਜੀ ਬੀ ਐਸ ਐਫ ਵੈਸਟਰਨ ਕਮਾਂਡ ਨੇ ਮੁੱਖ ਮਹਿਮਾਨ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਬੀ ਐਸ ਐਫ ਦੇ ਗੌਰਵਸ਼ਾਲੀ ਇਤਿਹਾਸ, ‘ਆਪਰੇਸ਼ਨ ਸਿੰਦੂਰ’ ਦੌਰਾਨ ਬੀ ਐਸ ਐਫ ਦੀ ਭੂਮਿਕਾ ਬਾਰੇ ਰੌਸ਼ਨੀ ਪਾਈ ਅਤੇ ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇੱਥੇ ਜ਼ਿਕਰਯੋਗ ਹੈ ਕਿ ਮੇਰਿਟੋਰਿਅਸ ਸਰਵਿਸ ਲਈ ਪੁਲਿਸ ਮੈਡਲ ਉਹਨਾਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਰਾਜ ਪੁਲਿਸ ਦੇ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਦੇਸ਼ ਲਈ 18 ਸਾਲ ਤੋਂ ਵੱਧ ਸਮੇਂ ਤੱਕ ਸਰਵੋਤਮ ਅਤੇ ਬੇਦਾਗ ਸੇਵਾ ਨਿਭਾਈ ਹੋਵੇ। ਇਹ ਚੌਥੀ ਵਾਰ ਹੈ ਕਿ ਰਾਜਪਾਲ ਪੰਜਾਬ ਅਤੇ ਪ੍ਰਸ਼ਾਸਕ ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਇਹ ਸਮਾਰੋਹ ਆਯੋਜਿਤ ਕੀਤਾ ਗਿਆ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਇੰਡੋ-ਪਾਕ ਅਤੇ ਇੰਡੋ-ਬੰਗਲਾਦੇਸ਼ ਸਰਹੱਦਾਂ ਦੀ ਸੁਰੱਖਿਆ ਸ਼ਾਂਤੀ ਅਤੇ ਯੁੱਧ ਦੌਰਾਨ ਸੁਚੱਜੇ ਢੰਗ ਨਾਲ ਯਕੀਨੀ ਬਣਾਉਣ ਲਈ ਬੀ ਐਸ ਐਫ ਦੇ ਅਧਿਕਾਰੀਆਂ ਅਤੇ ਜਵਾਨਾਂ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਦੀ ਲੜੀ ਵਿੱਚ ਕਾਨੂੰਨ-ਵਿਵਸਥਾ ਕਾਇਮ ਰੱਖਣ, ਕਾਊਂਟਰ ਇਨਸਰਜੈਂਸੀ ਭੂਮਿਕਾ ਅਤੇ ‘ਆਪਰੇਸ਼ਨ ਸਿੰਦੂਰ’ ਸਮੇਤ ਜੰਮੂ ਅਤੇ ਪੰਜਾਬ ਵਿੱਚ ਆਏ ਹੜ੍ਹ ਦੌਰਾਨ ਕੀਤੀਆਂ ਬਚਾਓ ਕਾਰਵਾਈਆਂ ਵਿੱਚ ਬੀ ਐਸ ਐਫ ਦੀ ਮਹੱਤਵਪੂਰਨ ਭੂਮਿਕਾ ਨੂੰ ਵੀ ਸਰਾਹਿਆ। ਸਮਾਰੋਹ ਦੇ ਅੰਤ ਵਿੱਚ ਮੁੱਖ ਮਹਿਮਾਨ ਨੇ ਸਾਰੇ ਮੈਡਲ ਪ੍ਰਾਪਤ ਕਰਤਾਵਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।