
ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ (ਰਜਿ:)ਮੋਹਾਲੀ ਵਲੋਂ ਲੱਚਰ ਤੇ ਹਥਿਆਰੀ ਗਾਇਕੀ ਦੇ ਵਿਰੋਧ ਵਿਚ ਚਲਾਏ ਗਏ ਵਿਰਾਸਤੀ ਅਖਾੜੇ ਦੀ ਲੜੀ ਵਿੱਚ 32ਵੇਂ ਯੂਨੀਵਰਸਲ ਵਿਰਾਸਤੀ ਅਖਾੜੇ ਦੀ ਪੇਸ਼ਕਾਰੀ ਸੋਨੀਆਜ਼ ਸਟੂਡੀਓ ਮੋਹਾਲੀ ਦੇ ਸਹਿਯੋਗ ਨਾਲ ਕੀਤੀ ਗਈ । ਇਹ ਅਖਾੜਾ ਸੁਸਾਇਟੀ ਦੇ ਸਲਾਹਕਾਰ ਮਰਹੂਮ ਬੀਬੀ ਜਸਵੰਤ ਕੌਰ ਖੂਨਦਾਨੀ ਨੂੰ ਸਮਰਪਿਤ ਕੀਤਾ ਗਿਆ। ਜਿਸ ਵਿਚ ਲੋਕ ਗਾਇਕੀ ਦੇ ਰੰਗਾਂ ਤੋਂ ਇਲਾਵਾ ਵਿਰਾਸਤੀ ਤੇ ਸੱਭਿਆਚਾਰਕ ਲੋਕ ਨਾਚਾਂ ਦੀ ਪੇਸ਼ਕਾਰੀ ਵੀ ਕੀਤੀ ਗਈ। ਇਸ ਅਖਾੜੇ ਵਿੱਚ ਪੰਜਾਬੀ ਗਾਇਕ ਗੁਰਕ੍ਰਿਪਾਲ ਸੂਰਾਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੇ ਸੁਸਾਇਟੀ ਦੇ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮੇਲੇ ਵਿੱਚ ਆਕੇ ਸਾਨੂੰ ਇੰਝ ਪ੍ਰਤੀਤ ਹੋਇਆ ਜਿਵੇਂ ਅਸੀਂ ਪੁਰਾਤਨ ਪੰਜਾਬ ਵਿੱਚ ਆ ਗਏ ਹੋਈਏ। ਨੌਜਵਾਨਾਂ ਨੂੰ ਸੇਧ ਦੇਣ ਵਾਲੇ ਅਜਿਹੇ ਵਿਰਾਸਤੀ ਅਖਾੜੇ ਪੂਰੇ ਪੰਜਾਬ ਵਿਚ ਲਗਣੇ ਚਾਹੀਦੇ ਹਨ, ਤਾਂ ਜੋਂ ਨੌਜਵਾਨਾਂ ਨੂੰ ਆਪਣੇ ਵਿਰਸੇ ਤੇ ਸੱਭਿਆਚਾਰ ਨਾਲ ਜੋੜ ਕੇ ਨਸ਼ਿਆਂ ਅਤੇ ਹੋਰ ਬੁਰੀਆਂ ਅਲਾਮਤਾਂ ਤੋਂ ਬਚਾਇਆ ਜਾ ਸਕੇ ।
ਅਖਾੜੇ ਦਾ ਮੰਚ ਸੰਚਾਲਨ ਅਲਗੋਜ਼ਾ ਉਸਤਾਦ ਕਰਮਜੀਤ ਸਿੰਘ ਬੱਗਾ ਸਟੇਟ ਅਵਾਰਡੀ ਵਲੋਂ ਕੀਤਾ ਗਿਆ। ਅਖਾੜੇ ਦੀ ਸ਼ੁਰੂਆਤ ਬੀਬਾ ਅੰਮ੍ਰਿਤ ਕੌਰ ਦੇ ਧਾਰਮਿਕ ਗੀਤ ਨਾਲ ਹੋਈ। ਸ਼ਹੀਦ ਬਾਬਾ ਦੀਪ ਸਿੰਘ ਗੱਤਕਾ ਅਕੈਡਮੀ ਮੋਹਾਲੀ ਵਲੋਂ ਜਥੇਦਾਰ ਗੁਰਪ੍ਰੀਤ ਸਿੰਘ ਖ਼ਾਲਸਾ ਦੀ ਸਰਪ੍ਰਸਤੀ ਹੇਠ ਤਿਆਰ ਕੀਤੇ ਬੱਚਿਆਂ ਵੱਲੋਂ ਵਿਰਾਸਤੀ ਤੇ ਜੁਝਾਰੂ ਖੇਡ ਗੱਤਕਾ ਦੀ ਸ਼ਾਨਦਾਰ ਪੇਸ਼ਕਾਰੀ ਦੇਖਕੇ ਦਰਸ਼ਕਾਂ ਨੇ ਉਂਗਲਾਂ ਮੂੰਹ ਵਿੱਚ ਲੈ ਲਈਆਂ। ਗਾਇਕ ਸੁਖਦੇਵ ਸਿੰਘ ਸੁੱਖਾ ਵੱਲੋਂ ਬੋਲੇ ਸੋ ਨਿਹਾਲ ਗੀਤ ਅਤੇ ਮਾਵਾਂ ਲੱਭਦੀਆਂ ਨਹੀਂ ਗਾ ਕੇ ਹਾਜ਼ਰੀ ਲਗਵਾਈ। ਗੈਰੀ ਗਿੱਲ ਨੇ ਬੁਲੰਦ ਆਵਾਜ਼ ਨਾਲ ਗੀਤ ਸੁੱਚਾ ਸੂਰਮਾ ਗਾ ਕੇ ਦਰਸ਼ਕਾਂ ਦੀ ਵਾਹ ਵਾਹ ਖੱਟੀ। ਛੋਟੇ ਬੱਚੇ ਗੁਰਸੀਰਤ ਕੌਰ ਅਤੇ ਫੈਜ਼ ਵਲੋਂ ਕੀਤੇ ਨਾਚ ਨੂੰ ਵੀ ਦਰਸ਼ਕਾਂ ਵੱਲੋਂ ਬਹੁਤ ਪਿਆਰ ਮਿਲਿਆ। ਅਦਾਕਾਰ ਤੇ ਭੰਗੜਾ ਕੋਚ ਨਰਿੰਦਰ ਨੀਨਾ ਦੀ ਨਿਰਦੇਸ਼ਨਾ ਵਿੱਚ ਵਾਢੀ ਨਾਚ, ਜਿੰਦੂਆ ਅਤੇ ਭੰਗੜੇ ਦੀ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਗੁਰਕ੍ਰਿਪਾਲ ਸੂਰਾਪੁਰੀ ਵੱਲੋਂ ਵੀ ਸਮਾਜ ਨੂੰ ਸਿਖਿਆ ਦਿੰਦੇ ਗੀਤ ਟੂਟੀ ਹੋਈ ਚੀਜ਼ ਜੋੜ ਕੇ ਜੇ ਸਰਦਾ ਤਾਂ ਸਾਰ ਲੈਣਾ ਚਾਹੀਦਾ , ਅਤੇ ਰਿਸ਼ਤੇ ਹੁਣ ਟੁੱਟਦੇ ਜਾਦੇ ਗੀਤ ਗਾ ਕੇ ਹਾਜ਼ਰੀ ਲਗਵਾਈ ਗਈ।
ਅਖਾੜੇ ਵਿੱਚ ਕਮਲ ਦੀਦਾਰ ਅਤੇ ਪਰਵਿੰਦਰ ਪੰਮੀ ਦੇ ਗੀਤ ਓਲਡ ਲਵ ਅਤੇ ਖ਼ਾਲਸਾ ਰਾਜ ਦੇ ਪੋਸਟਰ ਜਾਰੀ ਕੀਤੇ ਗਏ।
ਅਖਾੜੇ ਵਿੱਚ ਤਿੰਨ ਸ਼ਖਸੀਅਤਾਂ ਸਤਪਾਲ ਸਿੰਘ ਬਾਗੀ ਗੱਤਕਾ ਉਸਤਾਦ, ਮਲਕੀਤ ਮਲੰਗਾ ਨਾਟਕਕਾਰ ਤੇ ਰੰਗਕਰਮੀ ਅਤੇ ਪੁਆਧ ਦਾ ਮਾਣ ਮੋਹਣੀ ਤੂਰ ਅਦਾਕਾਰਾ, ਗੀਤਕਾਰ ਅਤੇ ਗਾਇਕਾ ਨੂੰ ਸਾਰੀ ਉਮਰ ਪੰਜਾਬੀ ਮਾਂ-ਬੋਲੀ ਦੀ ਸੇਵਾ ਤੇ ਨੌਜਵਾਨਾਂ ਨੂੰ ਸੇਧ ਦਿੰਦੇ ਜੀਵਨ ਜਾਚ ਲਈ ਸਨਮਾਨਿਤ ਕੀਤਾ ਗਿਆ।
ਅੰਤ ਵਿੱਚ ਸੁਸਾਇਟੀ ਦੇ ਪ੍ਰਧਾਨ ਰੰਗਕਰਮੀ ਤੇ ਅਦਾਕਾਰ ਨਰਿੰਦਰ ਪਾਲ ਸਿੰਘ ਨੀਨਾ ਵਾਲੋਂ ਆਏ ਹੋਏ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅਖਾੜੇ ਵਿਚ ਗੋਪਾਲ ਸ਼ਰਮਾ, ਫ਼ਿਲਮ ਅਦਾਕਾਰ ਗੁਰਿੰਦਰ ਮਕਣਾ, ਸੰਨੀ ਗਿੱਲ , ਇਪਟਾ ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ, ਰਾਸ਼ਟਰਪਤੀ ਐਵਾਰਡੀ ਬਲਕਾਰ ਸਿੱਧੂ, ਸੁਖਬੀਰ ਪਾਲ ਕੌਰ, ਆਤਮਜੀਤ ਸਿੰਘ, ਮਹਿੰਦਰ ਸਿੰਘ ਹਰੀਏ ਆਲਾ, ਅਨੁਰੀਤ , ਹਰਕੀਰਤ, ਮਨਦੀਪ, ਹਰਦੀਪ, ਰਮਨਪ੍ਰੀਤ, ਸਵਰਨ ਸਿੰਘ ਚੰਨੀ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
ਦਰਸ਼ਕਾਂ ਦੇ ਦਿਲਾਂ ਤੇ ਛਾਪ ਛੱਡਦਾ ਹੋਇਆ 32ਵਾਂ ਯੂਨੀਵਰਸਲ ਵਿਰਾਸਤੀ ਅਖਾੜਾ ਯਾਦਗਾਰੀ ਹੋ ਨਿੱਬੜਿਆ।