
ਸਿਨੇਮਾ ਨਾਲ ਜੁੜੀਆਂ ਪ੍ਰਤਿਭਾਵਾਂ ਦਾ ਰਿਹਾ ਸ਼ਾਨਦਾਰ ਜਸ਼ਨ
ਚੰਡੀਗੜ੍ਹ, 29 ਅਪ੍ਰੈਲ, 2025: 5ਵੇਂ ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਬਲ ਵੱਖ-ਵੱਖ ਫਿਲਮਾਂ ਦੀ ਸਕ੍ਰੀਨਿੰਗ, ਇੰਟਰਐਕਟਿਵ ਸੈਸ਼ਨਾਂ ਅਤੇ ਹੋਰ ਪ੍ਰੋਗਰਾਮਾਂ ਨਾਲ ਸਮਾਪਤ ਹੋਇਆ। ਇਸ ਸਮਾਗਮ ਵਿੱਚ ਪ੍ਰਸਿੱਧ ਅਦਾਕਾਰਾਂ, ਫਿਲਮ ਨਿਰਮਾਤਾਵਾਂ ਅਤੇ ਰਾਸ਼ਟਰੀ ਪੁਰਸਕਾਰ ਜੇਤੂ ਕਲਾਕਾਰਾਂ ਨੇ ਆਪਣੇ ਕੀਮਤੀ ਤਜ਼ਰਬਿਆਂ ਨਾਲ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ।
ਇਸ ਸਮਾਗਮ ਵਿੱਚ ਭਾਰਤੀ ਫਿਲਮ ਅਤੇ ਸੰਗੀਤ ਉਦਯੋਗ ਦੀਆਂ ਜਾਣੀਆਂ-ਪਛਾਣੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਵਿੱਚ ਰਾਹੁਲ ਰਾਵੇਲ, ਨਿਰਮਲ ਰਿਸ਼ੀ, ਅਲੀ ਅਸਗਰ, ਪ੍ਰੀਤੀ ਸਪਰੂ, ਇਨਾਮੁਲ ਹੱਕ, ਮੁਸ਼ਤਾਕ ਖਾਨ, ਦਿਵਯੇਂਦੂ ਭੱਟਾਚਾਰੀਆ, ਮਨੀਸ਼ ਵਧਵਾ, ਅਨੰਗ ਦੇਸਾਈ, ਸੁਨੀਤਾ ਧੀਰ, ਰੁਪਿੰਦਰ ਰੂਪੀ, ਕਰਮਜੀਤ ਅਨਮੋਲ, ਸੁਲਤਾਨਾ ਨੂਰਾਂ, ਸੀਮਾ ਕੌਸ਼ਲ, ਮਲਕੀਤ ਰੌਣੀ, ਵਿਜੇ ਪਾਟਕਰ ਅਤੇ ਰਾਜੇਸ਼ ਸ਼ਰਮਾ ਆਦਿ ਕਲਾਕਾਰ ਸ਼ਾਮਿਲ ਸਨ।
ਇਨ੍ਹਾਂ ਉੱਘੀਆਂ ਸ਼ਖਸੀਅਤਾਂ ਦੁਆਰਾ ਕਰਵਾਏ ਗਏ ਸੈਸ਼ਨ ਇਸ ਤਿਉਹਾਰ ਦਾ ਮੁੱਖ ਆਕਰਸ਼ਣ ਸਨ। ਇਹਨਾਂ ਸੈਸ਼ਨਾਂ ਰਾਹੀਂ ਉਨ੍ਹਾਂ ਨੇ ਅਦਾਕਾਰੀ ਦੀਆਂ ਬਾਰੀਕੀਆਂ, ਭਾਵਨਾਤਮਕ ਡੂੰਘਾਈਆਂ ਅਤੇ ਫਿਲਮ ਉਦਯੋਗ ਦੇ ਵਪਾਰਕ ਪਹਿਲੂਆਂ ਬਾਰੇ ਆਪਣੇ ਅਨੁਭਵ ਸਾਂਝੇ ਕੀਤੇ। ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਹ ਸੰਵਾਦ ਬਹੁਤ ਜਾਣਕਾਰੀ ਭਰਪੂਰ ਅਤੇ ਪ੍ਰੇਰਨਾਦਾਇਕ ਲੱਗੇ।
ਫੈਸਟੀਵਲ ਦੇ ਡਾਇਰੈਕਟਰ ਸ੍ਰੀ ਰਾਜੇਸ਼ ਸ਼ਰਮਾ ਨੇ ਕਿਹਾ, “ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਬਲ ਕਲਾ ਵਿੱਚ ਉੱਤਮਤਾ ਅਤੇ ਸਿਰਜਣਾਤਮਕਤਾ ਦਾ ਇੱਕ ਵਿਲੱਖਣ ਜਸ਼ਨ ਰਿਹਾ ਹੈ। ਅਸੀਂ ਸਾਰੇ ਕਲਾਕਾਰਾਂ, ਫਿਲਮ ਨਿਰਮਾਤਾਵਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਵਚਨਬੱਧਤਾ ਅਤੇ ਭਾਗੀਦਾਰੀ ਨੇ ਇਸ ਪ੍ਰੋਗਰਾਮ ਨੂੰ ਸਫਲ ਬਣਾਇਆ। ਸਾਨੂੰ ਵਿਸ਼ਵਾਸ ਹੈ ਕਿ ਇੱਥੋਂ ਪ੍ਰਾਪਤ ਗਿਆਨ ਅਤੇ ਪ੍ਰੇਰਨਾ ਉੱਭਰਦੇ ਕਹਾਣੀਕਾਰਾਂ ਨੂੰ ਉਦਯੋਗ ਵਿੱਚ ਸਾਰਥਕ ਯੋਗਦਾਨ ਪਾਉਣ ਦੇ ਯੋਗ ਬਣਾਏਗੀ। ਅਸੀਂ ਭਵਿੱਖ ਦੇ ਐਡੀਸ਼ਨਾਂ ਵਿੱਚ ਆਪਣੀਆਂ ਨੌਜਵਾਨ ਪ੍ਰਤਿਭਾਵਾਂ ਦੀ ਸਿਰਜਣਾਤਮਕਤਾ ਨੂੰ ਦੇਖਣ ਲਈ ਉਤਸ਼ਾਹਿਤ ਹਾਂ।”
ਪ੍ਰਸਿੱਧ ਸੂਫ਼ੀ ਗਾਇਕਾ ਸੁਲਤਾਨਾ ਨੂਰਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਆਪਣੇ ਸੁਪਨਿਆਂ ਨੂੰ ਪੂਰਾ ਕਰੋ, ਪਰ ਇਮਾਨਦਾਰੀ ਨਾਲ। ਉਹੀ ਕਰੋ ਜੋ ਤੁਹਾਡਾ ਦਿਲ ਕਹਿੰਦਾ ਹੈ।” ਬਸ ਉਸ ਰਸਤੇ ‘ਤੇ ਸੱਚਾਈ ਅਤੇ ਸਮਰਪਣ ਨਾਲ ਚੱਲੋ ਅਤੇ ਅਜਿਹਾ ਵਿਅਕਤੀ ਬਣੋ ਜੋ ਤੁਹਾਡੇ ਮਾਪਿਆਂ ਨੂੰ ਤੁਹਾਡੇ ‘ਤੇ ਮਾਣ ਕਰੇ। ਆਪਣੇ ਸੱਭਿਆਚਾਰ ਦਾ ਧਿਆਨ ਰੱਖੋ ਅਤੇ ਉਸਦੇ ਨਾਲ ਅੱਗੇ ਵਧੋ।
ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋ-ਵਾਈਸ ਚਾਂਸਲਰ ਡਾ. ਐਸ.ਐਸ. ਸਹਿਗਲ ਨੇ ਕਿਹਾ, “ਸਾਨੂੰ 5ਵੇਂ ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਬਲ ਦੀ ਮੇਜ਼ਬਾਨੀ ਕਰਨ ‘ਤੇ ਮਾਣ ਹੈ। ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਉਦਯੋਗ ਦੇ ਦਿੱਗਜਾਂ ਨਾਲ ਸਿੱਧੇ ਜੁੜਨ ਦਾ ਮੌਕਾ ਦਿੰਦੇ ਹਨ ਅਤੇ ਉਨ੍ਹਾਂ ਨੂੰ ਪ੍ਰੇਰਿਤ ਅਤੇ ਸਸ਼ਕਤ ਬਣਾਉਂਦੇ ਹਨ। ਅਜਿਹੇ ਪਲੇਟਫਾਰਮ ਰਚਨਾਤਮਕਤਾ ਨੂੰ ਜਗਾਉਂਦੇ ਹਨ ਅਤੇ ਭਵਿੱਖ ਦੇ ਕਹਾਣੀਕਾਰਾਂ ਨੂੰ ਸਿਨੇਮਾ ਅਤੇ ਸੰਗੀਤ ਦੀ ਦੁਨੀਆ ਵਿੱਚ ਆਪਣੀ ਪਛਾਣ ਬਣਾਉਣ ਲਈ ਤਿਆਰ ਕਰਦੇ ਹਨ।
27 ਤੋਂ 29 ਅਪ੍ਰੈਲ 2025 ਤੱਕ ਆਯੋਜਿਤ, ਇਸ ਐਡੀਸ਼ਨ ਵਿੱਚ ਸੁਤੰਤਰ ਅਤੇ ਲਘੂ ਫਿਲਮਾਂ ਦੀ ਇੱਕ ਚੋਣ ਪ੍ਰਦਰਸ਼ਿਤ ਕੀਤੀ ਗਈ। ਇਹ ਫਿਲਮਾਂ ਖੇਤਰੀ ਫਿਲਮ ਨਿਰਮਾਤਾਵਾਂ ਦੇ ਸਿਰਜਣਾਤਮਕ ਦ੍ਰਿਸ਼ਟੀਕੋਣ ਅਤੇ ਵਿਚਾਰਾਂ ਨੂੰ ਪੇਸ਼ ਕਰਦੀਆਂ ਵੇਖੀਆਂ ਗਈਆਂ। ਕੁਝ ਮਹੱਤਵਪੂਰਨ ਇਸ ਪ੍ਰਕਾਰ ਸਨ- “ਐਡਰੈਸ” (ਨਿਰਦੇਸ਼ਕ: ਅਨਮੋਲ ਟਿੰਡ), “ਆਭਾਸ” (ਨਿਰਦੇਸ਼ਕ: ਸਚਿਨ ਰਹੇਲਾ), “ਟਿਕਟ” (ਨਿਰਦੇਸ਼ਕ: ਸਰਬ ਸਿੰਘ), “ਟਰੈਂਡ” (ਨਿਰਦੇਸ਼ਕ: ਅਜੈ ਸਹੋਤਾ), “ਆਸ਼ਿਕੀ ਆਨ ਲੂਪ” (ਨਿਰਦੇਸ਼ਕ: ਵਿੱਕੀ ਭਾਰਦਜ), “ਮਾਂਡਵੀ ਕਾ ਮਲਮ” (ਨਿਰਦੇਸ਼ਕ: ਨਕੁਲ ਜੈਨ),”ਅੰਗ੍ਰੇਜ਼ੀ ਵਾਲੀ ਮੈਡਮ” (ਨਿਰਦੇਸ਼ਕ: ਫਤਿਹ), “ਗਲਿਚ” (ਨਿਰਦੇਸ਼ਕ: ਨਵ ਸਿੱਧੂ), “ਮਤਲਬ” (ਨਿਰਦੇਸ਼ਕ: ਗਗੀ ਸਿੰਘ), “ਚਿੱਟਾ ਵਰਸੇਜ ਮਾਂਪੇ” (ਨਿਰਦੇਸ਼ਕ: ਸਿਮੀਪ੍ਰੀਤ ਕੌਰ), “ਹੋਲਾ ਮਹੱਲਾ- ਦ ਸਿੱਖ ਫੈਸਟੀਵਲ” (ਨਿਰਦੇਸ਼ਕ: ਗੁਰਸਿਮਰਨ ਸਿੰਘ), “ਮੁਨਾਫਾ” (ਨਿਰਦੇਸ਼ਕ: ਸਪਿੰਦਰ ਸਿੰਘ ਸ਼ੇਰਗਿੱਲ), “ਕਿਰਦਾਰ” (ਨਿਰਦੇਸ਼ਕ: ਜਸ਼ਨ ਸਿੰਘ ਅਰਨੇਜਾ), “ਸਿਫਰ – ਟੂ ਦ ਕਲਮੀਨੇਸ਼ਨ ਆਫ ਥਿੰਗਜ਼” (ਨਿਰਦੇਸ਼ਕ: ਬਲਪ੍ਰੀਤ ਕੌਰ), “ਕੱਚੀ ਉਮਰ” (ਨਿਰਦੇਸ਼ਕ: ਅਭਿਲਾਸ਼ਾ ਪ੍ਰਜਾਪਤੀ), “ਮੈਂ ਜਾਂ ਭਗਤ” (ਨਿਰਦੇਸ਼ਕ: ਨਿਸ਼ਾ ਲੂਥਰਾ), ‘ਛਲੇੜਾ’ (ਨਿਰਦੇਸ਼ਕ: ਰਵਿੰਦਰ ਬਰਾੜ, “ਦਿ ਵਾਲਿਟ” (ਨਿਰਦੇਸ਼ਕ: ਸੌਮਿੱਤਰ ਸਿੰਘ), “ਦ ਸਟਾਰ ਹੂ ਫ਼ੇਲ ਟੂ ਅਰਥ” (ਨਿਰਦੇਸ਼ਕ: ਏਲੇਸੇਂਦਰੋ ਮੈਨਾਬੋਸਕੋ), “ਲਾਈਫ ਇਨਸਾਈਡ ਆਫ ਹੋਮਲੈਸ ਫੈਮਿਲੀ” (ਨਿਰਦੇਸ਼ਕ: ਸੰਜੇ ਕੁਮਾਰ), “ਦ ਸ਼ੂਜ਼ ਆਈ ਵੋਰ”(ਨਿਰਦੇਸ਼ਕ: ਸੰਜੇ ਚਰਨ), “ਕੱਲ੍ਹ ਅੱਜ ਔਰ ਕੱਲ੍ਹ” (ਨਿਰਦੇਸ਼ਕ: ਵਿੱਕੀ ਖੰਡਪੁਰ), “ਇਪਸਾ” (ਨਿਰਦੇਸ਼ਕ: ਪਵਿੱਤਰਾ ਵਰਮਾ), “ਟੂ ਲਾਈਨਾਂ” (ਨਿਰਦੇਸ਼ਕ: ਮੁਸਾਫਿਰ ਬਨੀ)।
ਚੰਡੀਗੜ੍ਹ ਮਿਊਜ਼ਿਕ ਐਂਡ ਫਿਲਮ ਫੈਸਟੀਬਲ ਸਿਰਫ਼ ਸਿਨੇਮਾ ਦਾ ਜਸ਼ਨ ਹੀ ਨਹੀਂ ਸੀ, ਸਗੋਂ ਉੱਭਰ ਰਹੀ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ, ਭਾਈਚਾਰਿਆਂ ਨੂੰ ਜੋੜਨ ਅਤੇ ਕਹਾਣੀ ਸੁਣਾਉਣ ਦੀਆਂ ਨਵੀਆਂ ਸ਼ੈਲੀਆਂ ਨੂੰ ਪ੍ਰੇਰਿਤ ਕਰਨ ਲਈ ਇੱਕ ਸ਼ਕਤੀਸ਼ਾਲੀ ਪਲੇਟਫਾਰਮ ਵੀ ਸਾਬਿਤ ਹੋਇਆ।