News

ਹਰਦੀਪ ਕੌਰ ਸਾਹਿਤਕਾਰਾ ਕਿਰਨ ਬੇਦੀ ਅਵਾਰਡ ਦੇ ਨਾਲ ਸਨਮਾਨਿਤ

Published

on

ਚੰਡੀਗੜ੍ਹ, 5 ਜਨਵਰੀ :

ਪੰਜਾਬੀ ਸਾਹਿਤ ਅਤੇ ਸਮਾਜਿਕ ਸਰੋਕਾਰਾਂ ਦੇ ਖੇਤਰ ਵਿੱਚ ਸਰਗਰਮ ਲੇਖਿਕਾ ਅਤੇ ਪੱਤਰਕਾਰ ਹਰਦੀਪ ਕੌਰ ਨੂੰ ਉਨ੍ਹਾਂ ਦੀ ਲਗਾਤਾਰ ਸਾਹਿਤਕ ਸਰਗਰਮੀਆਂ, ਸਮਾਜ ਨਾਲ ਜੁੜੀ ਲੇਖਣੀ ਅਤੇ ਵਿਸ਼ੇਸ਼ ਯੋਗਦਾਨ ਦੇ ਮੱਦੇਨਜ਼ਰ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵੱਲੋਂ ‘ ਸਾਹਿਤਕਾਰਾ ਕਿਰਨ ਬੇਦੀ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਹਰਦੀਪ ਕੌਰ ਦੀ ਚਰਚਿਤ ਪੁਸਤਕ ‘ਸ਼ਮਸ਼ਾਨ ਘਾਟ ਸੌਂ ਗਿਆਂ’ ਨੂੰ ਪਹਿਲਾਂ ਹੀ ਪੰਜਾਬੀ ਸਾਹਿਤ ਵਿੱਚ ਖ਼ਾਸ ਪਛਾਣ ਮਿਲ ਚੁੱਕੀ ਹੈ। ਇਹ ਪੁਸਤਕ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਰਿਲੀਜ਼ ਕੀਤੀ ਗਈ ਸੀ, ਜਿਸ ਨੂੰ ਸਾਹਿਤਕ ਜਗਤ ਵਿੱਚ ਵੱਡੀ ਉਪਲਬਧੀ ਮੰਨਿਆ ਗਿਆ।
ਇਹ ਅਵਾਰਡ ਸਮਾਰੋਹ 4 ਜਨਵਰੀ ਨੂੰ ਪੰਜਾਬ ਕਲਾ ਭਵਨ, ਸੈਕਟਰ-16 ਚੰਡੀਗੜ੍ਹ ਵਿਖੇ ਕਰਵਾਏ ਗਏ ਤੀਜੇ ਰਾਜ ਪੱਧਰੀ ਕਵੀ ਦਰਬਾਰ ਅਤੇ ਪਲੇਠੀ ਕਿਤਾਬ ‘ਤੇਰੀ ਰਹਿਮਤ’ ਦੇ ਲੋਕ ਅਰਪਣ ਸਮਾਗਮ ਦੌਰਾਨ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਸਾਹਿਤਕ ਨੇੜਤਾ, ਵਿਚਾਰ-ਵਟਾਂਦਰੇ ਅਤੇ ਰਚਨਾਤਮਕ ਸਰਗਰਮੀਆਂ ਦਾ ਵਿਸ਼ੇਸ਼ ਮਾਹੌਲ ਬਣਿਆ ਰਿਹਾ।
ਸਮਾਗਮ ਦੇ ਮੁੱਖ ਮਹਿਮਾਨ ਹਰਭਜਨ ਸਿੰਘ ਭਗਰੱਥ, ਪ੍ਰਧਾਨ ਵਿਸ਼ਵ ਸਾਹਿਤਕ ਸਿਤਾਰੇ ਮੰਚ (ਰਜਿ.) ਤਰਨਤਾਰਨ ਸਨ, ਜਦਕਿ ਵਿਸ਼ੇਸ਼ ਮਹਿਮਾਨਾਂ ਵਿੱਚ ਬਾਬੂ ਰਾਮ ਦੀਵਾਨਾ, ਪ੍ਰਧਾਨ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ ਅਤੇ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਪ੍ਰਧਾਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਸ਼ਾਮਿਲ ਰਹੇ।
ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ। ਇਸ ਉਪਰੰਤ ਪੰਜਾਬ ਅਤੇ ਦਿੱਲੀ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੇ ਕਵੀਆਂ ਅਤੇ ਕਵਿਤਰੀਆਂ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਵਕਤਾਵਾਂ ਨੇ ਕਿਹਾ ਕਿ ਹਰਦੀਪ ਕੌਰ ਦੀ ਲੇਖਣੀ ਸਮਾਜ ਦੇ ਹਾਸ਼ੀਏ ‘ਤੇ ਖੜੇ ਮਸਲਿਆਂ ਨੂੰ ਆਵਾਜ਼ ਦਿੰਦੀ ਹੈ ਅਤੇ ਉਨ੍ਹਾਂ ਦੀ ਪੁਸਤਕ ‘ਸ਼ਮਸ਼ਾਨ ਘਾਟ ਸੌਂਗਿਆਂ’ ਇਸ ਦੀ ਸਪਸ਼ਟ ਮਿਸਾਲ ਹੈ।
ਸੱਥ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ, ਜਨਰਲ ਸਕੱਤਰ ਬਲਜਿੰਦਰ ਕੌਰ ਸ਼ੇਰਗਿੱਲ, ਸੀਨੀਅਰ ਮੀਤ ਪ੍ਰਧਾਨ ਰਾਜਿੰਦਰ ਸਿੰਘ ਧੀਮਾਨ ਅਤੇ ਮੀਤ ਪ੍ਰਧਾਨ ਡਾ. ਰਜਿੰਦਰ ਰੇਨੂੰ ਵੱਲੋਂ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ।
ਸਮਾਗਮ ਦੇ ਅੰਤ ਵਿੱਚ ਪੁਸਤਕ ਵਿੱਚ ਸ਼ਾਮਿਲ ਸਾਹਿਤਕਾਰਾਂ ਨੂੰ ਪੁਸਤਕਾਂ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon