
ਕੋਲਕਾਤਾ: ਔਰਤ-ਸ਼ਕਤੀ ਨੂੰ ਸਲਾਮ ਕਰਦੇ ਵਿਸ਼ੇਸ਼ ਸਨਮਾਨ ਸਮਾਰੋਹ ‘ਸਨਮਾਰਗ ਅਪਰਾਜੀਤਾ 2026’ ਦਾ ਆਯੋਜਨ ਬੰਗਾਲ ਐਨਰਜੀ ਵੱਲੋਂ ਕੋਲਕਾਤਾ ਦੇ ਜੇ.ਡਬਲਿਊ. ਮੈਰੀਅਟ ਹੋਟਲ ਵਿਖੇ ਕੀਤਾ ਗਿਆ। ਇਸ ਸਮਾਰੋਹ ਦੌਰਾਨ ਦੇਸ਼ ਭਰ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਾਲੀਆਂ ਸੱਤ ਪ੍ਰਮੁੱਖ ਮਹਿਲਾ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਨ੍ਹਾਂ ਸੱਤ ਵਿਸ਼ੇਸ਼ ਸ਼ਖ਼ਸੀਅਤਾਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋਂ ਲੋਕ ਸਾਜ਼ ਅਤੇ ਸੰਗੀਤ ਦੇ ਖੇਤਰ ਵਿੱਚ ਵਿਲੱਖਣ ਯੋਗਦਾਨ ਪਾਉਣ ਵਾਲੀ ਅਨੂੰਰੀਤ ਪਾਲ ਕੌਰ ਨੂੰ ‘ਮਿਊਜ਼ਿਕ ਜਿਊਰੀ ਅਪਰਾਜੀਤਾ 2026’ ਸਨਮਾਨ ਲਈ ਚੁਣਿਆ ਗਿਆ। ਅਨੂੰਰੀਤ ਪਾਲ ਕੌਰ ਰੰਗਕਰਮੀ ਅਤੇ ਅਦਾਕਾਰ ਨਰਿੰਦਰ ਨੀਨਾ ਅਤੇ ਅਦਾਕਾਰਾ ਸੁਖਬੀਰ ਪਾਲ ਦੀ ਸਪੁੱਤਰੀ ਹੈ।
ਅਨੂੰਰੀਤ ਪਾਲ ਕੌਰ ਨੇ ਅਲੋਪ ਹੋ ਰਹੇ ਪੰਜਾਬੀ ਲੋਕ ਸਾਜ਼ ਅਲਗੋਜ਼ੇ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਇਆ ਹੈ। ਉਹ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਸਿੱਧ ਅਲਗੋਜ਼ਾ ਵਾਦਕ ਮਰਹੂਮ ਉਸਤਾਦ ਕਰਮਜੀਤ ਸਿੰਘ ਬੱਗਾ ਜੀ ਦੀ ਇਕਲੌਤੀ ਚੇਲੀ ਰਹੀ ਹੈ। ਅਲਗੋਜ਼ਾ ਵਾਦਨ ਦੇ ਖੇਤਰ ਵਿੱਚ ਉਸ ਦੀਆਂ ਪ੍ਰਾਪਤੀਆਂ ਨੇ ਨਾ ਸਿਰਫ਼ ਪੰਜਾਬੀ ਲੋਕ ਸਾਜ਼ਾਂ ਦੀ ਵਿਰਾਸਤ ਨੂੰ ਨਵੀਂ ਪਛਾਣ ਦਿੱਤੀ ਹੈ, ਸਗੋਂ ਮਹਿਲਾਵਾਂ ਲਈ ਵੀ ਇੱਕ ਨਵੀਂ ਮਿਸਾਲ ਕਾਇਮ ਕੀਤੀ ਹੈ।
ਅਨੂੰਰੀਤ ਪਾਲ ਕੌਰ ਦਾ ਨਾਮ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੈ। ਇਸ ਤੋਂ ਇਲਾਵਾ ਉਹ ਭਾਰਤ ਸਰਕਾਰ ਵੱਲੋਂ ਦਿੱਤੇ ਜਾਂਦੇ ਪ੍ਰਤਿਸ਼ਠਿਤ ਉਸਤਾਦ ਬਿਸਮਿਲਾਹ ਖ਼ਾਨ ਯੁਵਾ ਪੁਰਸਕਾਰ ਸਮੇਤ ਕਈ ਵੱਕਾਰੀ ਸਨਮਾਨ ਪ੍ਰਾਪਤ ਕਰ ਚੁੱਕੀ ਹੈ।
‘ਅਪਰਾਜੀਤਾ 2026’ ਸਨਮਾਨ ਮਿਲਣ ’ਤੇ ਪੰਜਾਬੀ ਲੋਕ ਸੰਗੀਤ ਅਤੇ ਲੋਕ ਸਾਜ਼ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਇਹ ਸਨਮਾਨ ਅਨੂੰਰੀਤ ਪਾਲ ਕੌਰ ਦੀ ਨਿੱਜੀ ਪ੍ਰਾਪਤੀ ਦੇ ਨਾਲ-ਨਾਲ ਪੰਜਾਬ ਦੀ ਅਮੀਰ ਲੋਕ ਸੰਗੀਤਕ ਵਿਰਾਸਤ ਅਤੇ ਅਲਗੋਜ਼ਾ ਵਾਦਨ ਦੀ ਪਰੰਪਰਾ ਲਈ ਵੀ ਮਾਣ ਵਾਲੀ ਗੱਲ ਹੈ।