ad
ਸ੍ਰੀ ਗੁਰੂ ਰਵਿਦਾਸ ਜੀ ਨੇ ਛੇ ਸਦੀਆਂ ਪਹਿਲਾਂ ਜ਼ੁਲਮ ਅਤੇ ਜਾਤ ਆਧਾਰਿਤ ਵਿਤਕਰੇ ਵਿਰੁੱਧ ਬੁਲੰਦ ਕੀਤੀ ਆਵਾਜ਼: ਤਰੁਨਪ੍ਰੀਤ ਸਿੰਘ ਸੌਂਦ - lishkaratv.com
Connect with us

News

ਸ੍ਰੀ ਗੁਰੂ ਰਵਿਦਾਸ ਜੀ ਨੇ ਛੇ ਸਦੀਆਂ ਪਹਿਲਾਂ ਜ਼ੁਲਮ ਅਤੇ ਜਾਤ ਆਧਾਰਿਤ ਵਿਤਕਰੇ ਵਿਰੁੱਧ ਬੁਲੰਦ ਕੀਤੀ ਆਵਾਜ਼: ਤਰੁਨਪ੍ਰੀਤ ਸਿੰਘ ਸੌਂਦ

Published

on

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਅਗਸਤ:

ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਬਿਜਲੀ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਅੱਜ ਤੋਂ ਕਰੀਬ ਛੇ ਸਦੀਆਂ ਪਹਿਲਾਂ ਜ਼ੁਲਮ ਅਤੇ ਜਾਤ ਆਧਾਰਿਤ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ।

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਲੜੀ ਤਹਿਤ ਸੀ ਜੀ ਸੀ ਯੂਨੀਵਰਸਿਟੀ, ਝੰਜੇੜੀ, ਮੋਹਾਲੀ ਵਿਖੇ ਕਰਵਾਏ ਗਏ 8ਵੇਂ ਰਾਜ ਪੱਧਰੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਮਨੁੱਖਤਾ ਦੇ ਅਧਿਆਤਮਿਕ ਅਤੇ ਸਮਾਜਿਕ ਉੱਥਾਨ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਕਿਰਤ ਦੀ ਮਹੱਤਤਾ ਤੇ ਸਖ਼ਤ ਮਿਹਨਤ ਦੇ ਸਿਧਾਂਤ ਨੂੰ ਪ੍ਰਮੁੱਖਤਾ ਦਿੱਤੀ।

ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਉਸ ਸਮੇਂ ਦੱਬੇ-ਕੁਚਲੇ ਅਤੇ ਕਮਜ਼ੋਰ ਵਰਗਾਂ ਦੇ ਹੱਕ ਵਿੱਚ ਦਲੇਰੀ ਨਾਲ ਆਵਾਜ਼ ਉਠਾਈ, ਜਦੋਂ ਲੋਕਾਂ ਨਾਲ ਜਾਤ ਅਤੇ ਹੋਰ ਸਮਾਜਿਕ ਵਖਰੇਵਿਆਂ ਦੇ ਆਧਾਰ ‘ਤੇ ਵਿਤਕਰਾ ਅਤੇ ਬੇਇਨਸਾਫ਼ੀ ਕੀਤੀ ਜਾਂਦੀ ਸੀ। ਗੁਰੂ ਸਾਹਿਬ ਨੇ ਸਮਾਨਤਾ, ਨਿਆਂ ਅਤੇ ਮਨੁੱਖੀ ਮਾਣ-ਸਨਮਾਨ ਦੇ ਸਰਬਵਿਆਪੀ ਸਿਧਾਂਤਾਂ ਦਾ ਪ੍ਰਚਾਰ ਕੀਤਾ ਅਤੇ ਵਿਤਕਰੇ ਤੋਂ ਮੁਕਤ ਸਮਾਜ ਦੀ ਕਲਪਨਾ ਕੀਤੀ।

ਵਿਦਿਆਰਥੀਆਂ ਨੂੰ ਇਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦੀ ਅਪੀਲ ਕਰਦਿਆਂ ਸ. ਸੌਂਦ ਨੇ ਕਿਹਾ ਕਿ ਉਹ ਲਾਲਚ ਤੋਂ ਦੂਰ ਰਹਿਣ ਅਤੇ ਕੇਵਲ ਆਪਣੀਆਂ ਅਸਲ ਲੋੜਾਂ ਤੱਕ ਸੀਮਤ ਰਹਿ ਕੇ ਸੰਤੁਸ਼ਟੀ ਭਰਿਆ ਅਤੇ ਅਰਥਪੂਰਨ ਜੀਵਨ ਜਿਊਣ। ਉਨ੍ਹਾਂ ਵਿਦਿਆਰਥੀਆਂ ਨੂੰ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ ਲਈ ਵੀ ਪ੍ਰੇਰਿਤ ਕੀਤਾ ਤਾਂ ਜੋ ਉਹ ਅਧਿਆਤਮ ਅਤੇ ਮਨੁੱਖੀ ਕਦਰਾਂ-ਕੀਮਤਾਂ ਦੀ ਡੂੰਘੀ ਸਮਝ ਹਾਸਲ ਕਰ ਸਕਣ।

ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੀ ਹੈ ਕਿ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਅਤੇ ਹੁਣ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ।

ਉਨ੍ਹਾਂ ਕਿਹਾ ਕਿ 650ਵੇਂ ਪ੍ਰਕਾਸ਼ ਪੁਰਬ ਦੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਤਹਿਤ ਸੂਬੇ ਭਰ ਵਿੱਚ ਕੀਰਤਨ ਦਰਬਾਰ, ਯੂਨੀਵਰਸਿਟੀ ਅਤੇ ਰਾਜ ਪੱਧਰੀ ਸੈਮੀਨਾਰ, ਡਰੋਨ ਸ਼ੋਅ, ਸਕੂਲੀ ਮੁਕਾਬਲੇ, ਸ਼ੋਭਾ ਯਾਤਰਾਵਾਂ ਅਤੇ ਹੋਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕਰਦਿਆਂ ਸ. ਸੌਂਦ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਸ਼ਿਆਂ ਵਿਰੁੱਧ ਨਿਰਣਾਇਕ ਜੰਗ ਛੇੜੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਉਸਾਰੇ ਜਾ ਰਹੇ 3100 ਖੇਡ ਸਟੇਡੀਅਮਾਂ ਅਤੇ ਮੈਦਾਨਾਂ ਵਿੱਚੋਂ ਕਰੀਬ 1000 ਮੁਕੰਮਲ ਕੀਤੇ ਜਾ ਚੁੱਕੇ ਹਨ, ਜਿਸ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਅਤੇ ਉਸਾਰੂ ਗਤੀਵਿਧੀਆਂ ਨਾਲ ਜੋੜ ਕੇ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਪ੍ਰਤੀ ਸੰਵੇਦਨਸ਼ੀਲ ਬਣਾਉਣ ਅਤੇ ਅਧਿਆਤਮਿਕ ਮਾਰਗਦਰਸ਼ਨ ਪ੍ਰਦਾਨ ਕਰਨ ਲਈ ਅਜਿਹੇ ਸੈਮੀਨਾਰ ਅਤੇ ਜਾਗਰੂਕਤਾ ਪ੍ਰੋਗਰਾਮ ਵੀ ਕਰਵਾਏ ਜਾ ਰਹੇ ਹਨ।

ਸ. ਸੌਂਦ ਨੇ ਅੱਗੇ ਜਾਣਕਾਰੀ ਦਿੱਤੀ ਕਿ ਜਲੰਧਰ ਦੇ ਡੇਰਾ ਬੱਲਾਂ ਨੇੜੇ 25 ਕਰੋੜ ਰੁਪਏ ਦੀ ਲਾਗਤ ਨਾਲ ਸੈਂਟਰ ਆਫ਼ ਐਕਸੀਲੈਂਸ ਦੀ ਤਰਜ਼ ‘ਤੇ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਦੀ ਉਸਾਰੀ ਕੀਤੀ ਜਾ ਰਹੀ ਹੈ, ਜਦਕਿ ਇਸ ਪ੍ਰਾਜੈਕਟ ਲਈ ਜ਼ਮੀਨ ਦੀ ਖਰੀਦ ‘ਤੇ 11 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਦੇ ਸਾਲ ਭਰ ਚੱਲਣ ਵਾਲੇ ਸਮਾਗਮਾਂ ਲਈ ਸ਼ੁਰੂਆਤੀ ਤੌਰ ‘ਤੇ 100 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।

ਧਾਰਮਿਕ ਸੰਦੇਸ਼ ਦਿੰਦਿਆਂ ਆਲ ਇੰਡੀਆ ਆਦਿ ਧਰਮ ਮਿਸ਼ਨ, ਚਰਨਛੋਹ ਸੱਚਖੰਡ ਬੇਗਮਪੁਰਾ, ਸ੍ਰੀ ਖੁਰਾਲਗੜ੍ਹ ਸਾਹਿਬ ਦੇ ਕੌਮੀ ਪ੍ਰਧਾਨ ਸੰਤ ਸਤਵਿੰਦਰ ਹੀਰਾ ਜੀ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਕਿਰਤ, ਸਮਾਨਤਾ ਅਤੇ ਸਮਾਜਿਕ ਨਿਆਂ ਦਾ ਸ਼ਕਤੀਸ਼ਾਲੀ ਸੰਦੇਸ਼ ਦਿੱਤਾ।

Continue Reading
Click to comment

Leave a Reply

Your email address will not be published. Required fields are marked *

News

ਬਚਪਨ ਵਿੱਚ ਵੈਂਟੀਲੇਟਰ ’ਤੇ ਜ਼ਿੰਦਗੀ ਦੀ ਜੰਗ ਤੋਂ ਲੈ ਕੇ ਖੇਡਾਂ ਦੇ ਮੈਦਾਨ ਵਿੱਚ ਜਿੱਤ ਤੱਕ — ਤਨਵੀਰ ਸਿੰਘ ਦੀ ਹਿੰਮਤ, ਹੌਸਲੇ ਅਤੇ ਸੰਘਰਸ਼ ਦੀ ਪ੍ਰੇਰਨਾਦਾਇਕ ਕਹਾਣੀ

Published

on

ਹਰ ਮੈਦਾਨ ਫਤਿਹ

ਚੰਡੀਗੜ੍ਹ: ਕਦੇ ਬਚਪਨ ਵਿੱਚ ਜ਼ਿੰਦਗੀ ਲਈ ਸੰਘਰਸ਼ ਕਰਨ ਵਾਲਾ ਇੱਕ ਨੰਨ੍ਹਾ ਬੱਚਾ ਅੱਜ ਖੇਡਾਂ ਦੇ ਮੈਦਾਨ ਵਿੱਚ ਤਗਮੇ ਜਿੱਤ ਕੇ ਇੱਕ ਨਵੀਂ ਮਿਸਾਲ ਕਾਇਮ ਕਰ ਰਿਹਾ ਹੈ। ਤਨਵੀਰ ਸਿੰਘ ਦੀ ਕਹਾਣੀ ਹਿੰਮਤ, ਦ੍ਰਿੜ੍ਹ ਇਰਾਦੇ ਅਤੇ ਕਦੇ ਹਾਰ ਨਾ ਮੰਨਣ ਵਾਲੇ ਜਜ਼ਬੇ ਦੀ ਇੱਕ ਪ੍ਰੇਰਨਾਦਾਇਕ ਗਾਥਾ ਹੈ।

ਚੰਡੀਗੜ੍ਹ ਦੇ ਸੈਕਟਰ 31 ਸਥਿਤ GRIID ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀ ਅਤੇ ਖਿਡਾਰੀ ਤਨਵੀਰ ਸਿੰਘ ਨੂੰ ਹਰਿਆਣਾ ਦੇ ਮਾਣਯੋਗ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਵੱਲੋਂ ਚੰਡੀਗੜ੍ਹ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ‘ਹਰ ਮੈਦਾਨ ਫਤਿਹ’ ਦੌਰਾਨ ਸਨਮਾਨਿਤ ਕੀਤਾ ਗਿਆ। ਖੇਡਾਂ ਪ੍ਰਤੀ ਉਨ੍ਹਾਂ ਦੇ ਸਮਰਪਣ, ਸਖ਼ਤ ਮਿਹਨਤ, ਆਤਮਨਿਰਭਰਤਾ ਅਤੇ ਪ੍ਰਾਪਤੀਆਂ ਨੂੰ ਮਾਨਤਾ ਦਿੰਦਿਆਂ ਇਹ ਸਨਮਾਨ ਪ੍ਰਦਾਨ ਕੀਤਾ ਗਿਆ। ਤਨਵੀਰ ਬੈਡਮਿੰਟਨ ਅਤੇ ਸਾਈਕਲਿੰਗ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾ ਚੁੱਕੇ ਹਨ।

ਬਚਪਨ ਵਿੱਚ ਵੈਂਟੀਲੇਟਰ ’ਤੇ ਜ਼ਿੰਦਗੀ ਦੀ ਜੰਗ ਲੜਨ ਵਾਲੇ ਤਨਵੀਰ ਦਾ ਅੱਜ ਇੱਕ ਸਫਲ ਖਿਡਾਰੀ ਵਜੋਂ ਉੱਭਰਨਾ ਉਨ੍ਹਾਂ ਦੇ ਅਦੁੱਤੀ ਸਾਹਸ ਅਤੇ ਨਿਰੰਤਰ ਯਤਨਾਂ ਦਾ ਪ੍ਰਮਾਣ ਹੈ। ਉਨ੍ਹਾਂ ਨੇ ਆਪਣੀ ਦਿਵਿਆਂਗਤਾ ਨੂੰ ਕਦੇ ਵੀ ਆਪਣੀਆਂ ਸਮਰੱਥਾਵਾਂ ’ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਪੂਰੇ ਆਤਮਵਿਸ਼ਵਾਸ ਨਾਲ ਆਪਣੇ ਖੇਡਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਅੱਗੇ ਵਧ ਰਹੇ ਹਨ।

ਇਸ ਮਾਣਮੱਤੇ ਮੌਕੇ ’ਤੇ ਉਨ੍ਹਾਂ ਦੀ ਮਾਤਾ ਸ਼੍ਰੀਮਤੀ ਜਸਵੀਰ ਕੌਰ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ। ਤਨਵੀਰ ਦੀ ਪਰਵਰਿਸ਼, ਸਿਖਲਾਈ ਅਤੇ ਖੇਡਾਂ ਦੇ ਸਫ਼ਰ ਵਿੱਚ ਉਨ੍ਹਾਂ ਦੀ ਮਾਤਾ ਦਾ ਯੋਗਦਾਨ ਬੇਹੱਦ ਅਹਿਮ ਰਿਹਾ ਹੈ। ਉਨ੍ਹਾਂ ਦੇ ਨਿਸ਼ਕਾਮ ਪਿਆਰ, ਤਿਆਗ, ਨਿਰੰਤਰ ਹੌਸਲਾ-ਅਫ਼ਜ਼ਾਈ ਅਤੇ ਅਟੁੱਟ ਵਿਸ਼ਵਾਸ ਨੇ ਤਨਵੀਰ ਨੂੰ ਅੱਗੇ ਵਧਣ ਦੀ ਤਾਕਤ ਦਿੱਤੀ ਹੈ। ਆਪਣੇ ਪੁੱਤਰ ਦੇ ਬਿਹਤਰ ਭਵਿੱਖ ਅਤੇ ਸਫਲਤਾ ਲਈ ਉਹ ਹਮੇਸ਼ਾ ਹਰ ਸੰਭਵ ਯਤਨ ਕਰਦੇ ਰਹੇ ਹਨ।

ਤਨਵੀਰ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੀ ਮਾਤਾ ਦੇ ਨਾਲ-ਨਾਲ ਆਪਣੀ ਕੋਚ ਸੁਸ਼੍ਰੀ ਸ਼ੀਤਲ ਨੇਗੀ ਨੂੰ ਵੀ ਦਿੱਤਾ।

Continue Reading

News

ਮੈਕਸਿਮ ਮੈਰੀ ਸਕੂਲ ਵਿੱਚ ਕਰੀਅਰ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ

Published

on


ਖਰੜ, 10 ਅਕਤੂਬਰ 2026: ਮੈਕਸਿਮ ਮੈਰੀ ਸਕੂਲ, ਖਰੜ ਵਿਖੇ ਵੰਡਰਵਾਈਜ਼ ਐਜੂਕੇਸ਼ਨ ਦੇ ਸਹਿਯੋਗ ਨਾਲ ਕਰੀਅਰ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ, ਜਦਕਿ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ।
ਵਰਕਸ਼ਾਪ ਦੌਰਾਨ ਵਿਦਿਆਰਥੀਆਂ ਨੂੰ ਸਾਈਕੋਮੈਟ੍ਰਿਕ ਟੈਸਟ, ਵਿਅਕਤੀਗਤ ਕਰੀਅਰ ਕਾਊਂਸਲਿੰਗ, ਵੱਖ-ਵੱਖ ਕੋਰਸਾਂ, ਕਾਲਜਾਂ ਦੀ ਚੋਣ ਅਤੇ ਕਰੀਅਰ ਦੇ ਵਿਭਿੰਨ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਰੁਚੀ, ਯੋਗਤਾ ਅਤੇ ਸਮਰੱਥਾ ਅਨੁਸਾਰ ਸਹੀ ਕਰੀਅਰ ਦੀ ਚੋਣ ਕਰਨ ਲਈ ਮਾਰਗਦਰਸ਼ਨ ਪ੍ਰਦਾਨ ਕਰਨਾ ਸੀ।
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪੂਜਾ ਖੋਸਲਾ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪਾਰਥਾਸਾਰਥੀ ਨੇ ਕਿਹਾ ਕਿ ਸਹੀ ਸਮੇਂ ’ਤੇ ਮਿਲਣ ਵਾਲਾ ਕਰੀਅਰ ਮਾਰਗਦਰਸ਼ਨ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਪਛਾਣਨ ਅਤੇ ਭਵਿੱਖ ਲਈ ਸਹੀ ਫ਼ੈਸਲੇ ਲੈਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ। ਉਨ੍ਹਾਂ ਨੇ ਅਜਿਹੀਆਂ ਵਰਕਸ਼ਾਪਾਂ ਨੂੰ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਨੀਂਹ ਮਜ਼ਬੂਤ ਕਰਨ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਬੇਹੱਦ ਮਹੱਤਵਪੂਰਨ ਦੱਸਿਆ।

Continue Reading

News

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ 2026’ ਦਾ ਆਯੋਜਨ

Published

on

20 ਤੋਂ ਵੱਧ ਦੇਸ਼ਾਂ ਦੇ 40 ਤੋਂ ਵੱਧ ਪ੍ਰਤੀਨਿਧੀਆਂ ਨੇ ਲਿਆ ਹਿੱਸਾ; ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ, ਅਧਿਆਪਨ ਨਵੀਨਤਾ ਅਤੇ ਗਿਆਨ ਦੇ ਆਦਾਨ-ਪ੍ਰਦਾਨ ’ਤੇ ਕੇਂਦਰਿਤ ਰਿਹਾ ਪ੍ਰੋਗਰਾਮ

ਸੀਜੀਸੀ ਯੂਨੀਵਰਸਿਟੀ, ਮੋਹਾਲੀ ਵੱਲੋਂ ‘ਇੰਟਰਨੈਸ਼ਨਲ ਟੀਚਿੰਗ ਐਕਸੀਲੈਂਸ ਪ੍ਰੋਗਰਾਮ (ITEP) 2026’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 20 ਤੋਂ ਵੱਧ ਦੇਸ਼ਾਂ ਦੀ ਨੁਮਾਇੰਦਗੀ ਕਰਦੇ 40 ਤੋਂ ਵੱਧ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਪ੍ਰੋਗਰਾਮ ਦਾ ਉਦੇਸ਼ ਵੱਖ-ਵੱਖ ਦੇਸ਼ਾਂ ਦੇ ਅਧਿਆਪਕਾਂ ਅਤੇ ਅਕਾਦਮਿਕ ਮਾਹਿਰਾਂ ਨੂੰ ਇੱਕ ਮੰਚ ’ਤੇ ਲਿਆ ਕੇ ਆਪਣੇ ਤਜ਼ਰਬੇ ਸਾਂਝੇ ਕਰਨ, ਅਧਿਆਪਨ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਸਿੱਖਿਆ ਦੇ ਖੇਤਰ ਵਿੱਚ ਨਵੀਨਤਮ ਰੁਝਾਨਾਂ ’ਤੇ ਚਰਚਾ ਕਰਨ ਦੇ ਮੌਕੇ ਪ੍ਰਦਾਨ ਕਰਨਾ ਸੀ।

ITEP 2026 ਦੌਰਾਨ ਵੱਖ-ਵੱਖ ਦੇਸ਼ਾਂ ਦੇ ਸਿੱਖਿਆ ਮਾਹਿਰਾਂ ਨੇ ਅਧਿਆਪਨ ਦੇ ਆਧੁਨਿਕ ਤਰੀਕਿਆਂ, ਸਿੱਖਿਆ ਵਿੱਚ ਨਵੀਨਤਾ, ਵਿਸ਼ਵ ਪੱਧਰੀ ਅਕਾਦਮਿਕ ਅਭਿਆਸਾਂ ਅਤੇ ਬਦਲਦੇ ਵਿਸ਼ਵ ਸੰਦਰਭ ਵਿੱਚ ਵਿਦਿਆਰਥੀਆਂ ਨੂੰ ਤਿਆਰ ਕਰਨ ਵਿੱਚ ਅਧਿਆਪਕਾਂ ਦੀ ਭੂਮਿਕਾ ਬਾਰੇ ਵਿਚਾਰ ਸਾਂਝੇ ਕੀਤੇ। ਇੰਟਰਐਕਟਿਵ ਸੈਸ਼ਨਾਂ, ਅਕਾਦਮਿਕ ਗਤੀਵਿਧੀਆਂ ਅਤੇ ਗਿਆਨ ਦੇ ਆਦਾਨ-ਪ੍ਰਦਾਨ ਰਾਹੀਂ ਭਾਗੀਦਾਰਾਂ ਨੂੰ ਵੱਖ-ਵੱਖ ਸਿੱਖਿਆ ਪ੍ਰਣਾਲੀਆਂ ਅਤੇ ਅਧਿਆਪਨ ਦੇ ਤਜ਼ਰਬਿਆਂ ਬਾਰੇ ਜਾਣਨ ਦਾ ਮੌਕਾ ਮਿਲਿਆ।

20 ਤੋਂ ਵੱਧ ਦੇਸ਼ਾਂ ਦੇ ਪ੍ਰਤੀਨਿਧੀਆਂ ਦੀ ਸ਼ਮੂਲੀਅਤ ਨਾਲ ਪ੍ਰੋਗਰਾਮ ਵਿੱਚ ਵੱਖ-ਵੱਖ ਸੱਭਿਆਚਾਰਾਂ ਅਤੇ ਅਕਾਦਮਿਕ ਪਰੰਪਰਾਵਾਂ ਦੀ ਨੁਮਾਇੰਦਗੀ ਹੋਈ। ਇਸ ਦੌਰਾਨ ਅਧਿਆਪਕਾਂ ਨੇ ਆਪਣੇ ਵਿਚਾਰਾਂ ਅਤੇ ਤਜ਼ਰਬਿਆਂ ਦਾ ਆਦਾਨ-ਪ੍ਰਦਾਨ ਕੀਤਾ ਅਤੇ ਭਵਿੱਖ ਵਿੱਚ ਅਕਾਦਮਿਕ ਸਹਿਯੋਗ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ।

ਸੀਜੀਸੀ ਯੂਨੀਵਰਸਿਟੀ, ਮੋਹਾਲੀ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ, “ਸਿੱਖਿਆ ਦਾ ਭਵਿੱਖ ਉਨ੍ਹਾਂ ਸੰਸਥਾਵਾਂ ਦਾ ਹੋਵੇਗਾ, ਜੋ ਪੜ੍ਹਾਉਣ ਦੇ ਨਾਲ-ਨਾਲ ਸਿੱਖਣ ਲਈ ਵੀ ਤਿਆਰ ਹਨ। ITEP 2026 ਅਜਿਹਾ ਅਕਾਦਮਿਕ ਮਾਹੌਲ ਸਿਰਜਣ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਜੋ ਵਿਸ਼ਵ ਪੱਧਰ ’ਤੇ ਜੁੜਿਆ ਹੋਇਆ ਹੋਵੇ, ਬੌਧਿਕ ਤੌਰ ’ਤੇ ਸਰਗਰਮ ਹੋਵੇ ਅਤੇ ਸਿੱਖਿਆਰਥੀਆਂ ਦੀਆਂ ਬਦਲਦੀਆਂ ਲੋੜਾਂ ਪ੍ਰਤੀ ਜਵਾਬਦੇਹ ਹੋਵੇ। ਸਾਡੇ ਕੈਂਪਸ ਵਿੱਚ 20 ਤੋਂ ਵੱਧ ਦੇਸ਼ਾਂ ਦੇ 40 ਤੋਂ ਵੱਧ ਪ੍ਰਤੀਨਿਧੀਆਂ ਨੂੰ ਇਕੱਠਾ ਕਰਨਾ ਸਿਰਫ਼ ਇੱਕ ਅੰਤਰਰਾਸ਼ਟਰੀ ਸਮਾਗਮ ਨਹੀਂ ਸੀ, ਸਗੋਂ ਸਥਾਈ ਅਕਾਦਮਿਕ ਸਬੰਧ ਬਣਾਉਣ, ਵੱਖ-ਵੱਖ ਸੱਭਿਆਚਾਰਾਂ ਵਿਚਕਾਰ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਅਤੇ ਤੇਜ਼ੀ ਨਾਲ ਬਦਲ ਰਹੀ ਦੁਨੀਆ ਵਿੱਚ ਅਧਿਆਪਨ ਦੀ ਉੱਤਮਤਾ ਦੇ ਅਰਥ ਨੂੰ ਸਾਂਝੇ ਤੌਰ ’ਤੇ ਮੁੜ ਪਰਿਭਾਸ਼ਿਤ ਕਰਨ ਦਾ ਮੌਕਾ ਸੀ।”

ਇਸ ਪ੍ਰੋਗਰਾਮ ਰਾਹੀਂ ਸੀਜੀਸੀ ਯੂਨੀਵਰਸਿਟੀ ਨੇ ਉੱਚ ਸਿੱਖਿਆ ਦੇ ਖੇਤਰ ਵਿੱਚ ਅੰਤਰਰਾਸ਼ਟਰੀਕਰਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਵੀ ਉਜਾਗਰ ਕੀਤਾ। ਵੱਖ-ਵੱਖ ਅਕਾਦਮਿਕ ਅਤੇ ਸੱਭਿਆਚਾਰਕ ਪਿਛੋਕੜ ਵਾਲੇ ਅਧਿਆਪਕਾਂ ਵਿਚਕਾਰ ਵਿਚਾਰ-ਵਟਾਂਦਰੇ ਨੇ ਭਵਿੱਖ ਵਿੱਚ ਸਾਂਝੇ ਅਕਾਦਮਿਕ ਪ੍ਰੋਜੈਕਟਾਂ ਅਤੇ ਸਹਿਯੋਗ ਦੇ ਨਵੇਂ ਮੌਕਿਆਂ ਲਈ ਆਧਾਰ ਤਿਆਰ ਕੀਤਾ।

ਇਹ ਪਹਿਲਕਦਮੀ ਸੀਜੀਸੀ ਯੂਨੀਵਰਸਿਟੀ ਦੇ ਵਿਆਪਕ ਗਲੋਬਲ ਸਿੱਖਿਆ ਦ੍ਰਿਸ਼ਟੀਕੋਣ ਦਾ ਹਿੱਸਾ ਹੈ, ਜਿਸ ਵਿੱਚ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ, ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅਦਲਾ-ਬਦਲੀ ਪ੍ਰੋਗਰਾਮ, ਗਲੋਬਲ ਇੰਟਰਨਸ਼ਿਪ, ਅੰਤਰਰਾਸ਼ਟਰੀ ਸਿੱਖਿਆ ਦੇ ਮੌਕੇ ਅਤੇ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਨਾਲ ਸਾਂਝੇਦਾਰੀਆਂ ਸ਼ਾਮਲ ਹਨ।

ਯੂਨੀਵਰਸਿਟੀ ਅਨੁਸਾਰ, ਇਸ ਦਾ ਅੰਤਰਰਾਸ਼ਟਰੀ ਨੈੱਟਵਰਕ ਪੰਜ ਮਹਾਂਦੀਪਾਂ ਦੇ 70 ਤੋਂ ਵੱਧ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਅਤੇ ਇਸ ਤਹਿਤ 300 ਤੋਂ ਵੱਧ ਗਲੋਬਲ ਸਮਝੌਤੇ ਕੀਤੇ ਗਏ ਹਨ। ਇਨ੍ਹਾਂ ਸਾਂਝੇਦਾਰੀਆਂ ਰਾਹੀਂ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਅੰਤਰਰਾਸ਼ਟਰੀ ਪੱਧਰ ’ਤੇ ਸਿੱਖਣ, ਅਕਾਦਮਿਕ ਅਦਲਾ-ਬਦਲੀ ਅਤੇ ਸਹਿਯੋਗ ਦੇ ਮੌਕੇ ਉਪਲਬਧ ਕਰਵਾਉਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ।

ITEP 2026 ਨੇ ਅੰਤਰਰਾਸ਼ਟਰੀ ਅਕਾਦਮਿਕ ਸਹਿਯੋਗ, ਸੱਭਿਆਚਾਰਕ ਆਦਾਨ-ਪ੍ਰਦਾਨ ਅਤੇ ਅਧਿਆਪਨ ਦੇ ਨਵੇਂ ਤਰੀਕਿਆਂ ’ਤੇ ਵਿਚਾਰ-ਵਟਾਂਦਰੇ ਲਈ ਇੱਕ ਸਾਂਝਾ ਮੰਚ ਪ੍ਰਦਾਨ ਕੀਤਾ। ਪ੍ਰੋਗਰਾਮ ਰਾਹੀਂ ਵੱਖ-ਵੱਖ ਦੇਸ਼ਾਂ ਦੇ ਸਿੱਖਿਆ ਮਾਹਿਰਾਂ ਵਿਚਕਾਰ ਸੰਪਰਕ ਅਤੇ ਸਹਿਯੋਗ ਦੇ ਨਵੇਂ ਰਾਹ ਖੁੱਲ੍ਹੇ, ਜੋ ਵਿਸ਼ਵ ਪੱਧਰ ’ਤੇ ਸਿੱਖਿਆ ਦੇ ਵਿਕਾਸ ਅਤੇ ਅਕਾਦਮਿਕ ਸਾਂਝੇਦਾਰੀਆਂ ਨੂੰ ਅੱਗੇ ਵਧਾਉਣ ਵਿੱਚ ਸਹਾਇਕ ਹੋ ਸਕਦੇ ਹਨ।

Continue Reading

Trending

Copyright © 2017 Lishkara TV. Powered by Jagjeet Sekhon